ਜਲੰਧਰ ਬਣਿਆ ਪੰਜਾਬ ਦਾ ਸਿੰਘੂ ਬਾਰਡਰ, ਰੇਲਵੇ ਟ੍ਰੈਕ ’ਤੇ ਬੈਠੇ ਕਿਸਾਨ, ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ ਬਲਾਕ

ਜਲੰਧਰ : ਪੰਜਾਬ ਦੇ ਕਿਸਾਨਾਂ ਵੱਲੋਂ ਗੰਨੇ ਦੇ ਭਾਅ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਬੀਤੇ ਦਿਨ ਸੜਕੀ ਤੇ ਰੇਲ ਆਵਾਜਾਈ ਰੋਕਣ ਲਈ ਸ਼ੁਰੂ ਕੀਤਾ ਗਿਆ ਧਰਨਾ ਦੂਜੇ ਦਿਨ ਵੀ ਜਾਰੀ ਹੈ। ਕਿਸਾਨਾਂ ਦੇ ਅਣਮਿੱਥੇ ਸਮੇਂ ਲਈ ਲਾਏ ਗਏ ਧਰਨੇ ਕਾਰਨ ਪਠਾਨਕੋਟ-ਅੰਮ੍ਰਿਤਸਰ ਰੋਡ, ਪਠਾਨਕੋਟ-ਭੋਗਪੁਰ ਰੋਡ ਅਤੇ ਜਲੰਧਰ-ਫਗਵਾੜਾ ਰੋਡ ਉਪਰ ਥਾਂ ਥਾ ਟਰੱਕ ਤੇ ਟਰਾਲੇ ਖੜ੍ਹੇ ਹਨ। ਬੱਸਾਂ ਤੇ ਹੋਰ ਵਾਹਨਾਂ ਨੂੰ ਜਲੰਧਰ ਤੋਂ ਪਾਰ ਲੰਘਾਉਣ ਲਈ ਟ੍ਰੈਫਿਕ ਪੁਲਿਸ ਨੂੰ ਕਾਫੀ ਜੱਦੋ ਜਹਿਦ ਕਰਨੀ ਪੈ ਰਹੀ ਹੈ। ਬੀਤੇ ਦਿਨ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਕਿਸਾਨ ਆਗੂਆਂ ਨੂੰ ਮਿਲਣ ਲਈ ਪਹੁੰਚੇ ਸਨ ਅਤੇ ਉਨ੍ਹਾਂ ਦੀ ਗੱਲ ਸਰਕਾਰ ਤਕ ਪਹੁੰਚਾਉਣ ਦਾ ਭਰੋਸਾ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਚੰਡੀਗੜ੍ਹ ਤੋਂ ਕੇਨ ਕਮਿਸ਼ਨਰ ਆਉਣਗੇ। ਕਿਸਾਨ ਯੂਨੀਅਨ ਦੇ ਆਗੂਆਂ ਮੁਤਾਬਕ ਹਾਲੇ ਤੱਕ ਕੋਈ ਵੀ ਉੱਚ ਅਧਿਕਾਰੀ ਉਨ੍ਹਾਂ ਕੋਲ ਨਹੀਂ ਪੁੱਜਾ ਹੈ।

ਗੰਨੇ ਦੇ ਭਾਅ 400 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਸਵੇਰੇ ਜਲੰਧਰ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਧਰਨੇ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇਅ ਬਲਾਕ ਕਰ ਕਿਸਾਨਾਂ ਨੇ ਲੁਧਿਆਣਾ, ਚੰਡੀਗਡ਼੍ਹ ਅਤੇ ਅੰਮ੍ਰਿਤਸਰ ਰੂਟ ਦੀ ਆਵਾਜਾਈ ਤੇ ਬੱਸ ਸੇਵਾਵਾਂ ਰੋਕ ਦਿੱਤੀਆਂ ਹਨ। ਕਿਸਾਨ ਰੇਲਵੇ ਟ੍ਰੈਕ ’ਤੇ ਧਰਨਾ ਲਾ ਕੇ ਰਾਤ ਨੂੰ ਉਥੇ ਹੀ ਸੌਂ ਗਏ। ਉਹ ਸ਼ਨੀਵਾਰ ਸਵੇਰ ਤੋਂ ਵੀ ਨੈਸ਼ਨਲ ਹਾਈਵੇਅ ਅਤੇ ਰੇਲਵੇ ਟ੍ਰੈਕ ’ਤੇ ਡਟੇ ਹੋਏ ਹਨ। ਉਨ੍ਹਾਂ ਨੇ ਉਥੇ ਹੀ ਖਾਣ ਪੀਣ ਦਾ ਵੀ ਇੰਤਜ਼ਾਮ ਕਰ ਲਿਆ ਹੈ। ਕਿਸਾਨਾਂ ਨੇ ਕਿਹਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਉਦੋਂ ਤਕ ਇਥੇ ਦਿੱਲੀ ਦੇ ਸਿੰਘੂ ਬਾਰਡਰ ਵਰਗਾ ਮਾਹੌਲ ਬਣਾ ਕੇ ਰੱਖਣਗੇ।