ਨਵੀਂ ਦਿੱਲੀ: State Bank of India ਨੇ ਧਰਤੀ ਦਾ ਸਵਰਗ ਕਹੇ ਜਾਣ ਵਾਲੇ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ‘ਚ ਹਾਊਸਬੋਟ ਰਾਹੀਂ ਡੱਲ ਲੇਕ ‘ਚ ਆਪਣੀ ਫਲੋਟਿੰਗ ATM ਸੇਵਾ ਦੀ ਸ਼ੁਰੂਆਤ ਕੀਤੀ ਹੈ। SBI ਨੇ ਸਥਾਨਕ ਨਾਗਰਿਕਾਂ ਤੇ ਸੈਲਾਨੀਆਂ ਦੀ ਸਹੂਲਤ ਅਤੇ ਸੁਵਿਧਾਵਾਂ ‘ਚ ਵਿਸਥਾਰ ਕਰਨ ਦੇ ਉਦੇਸ਼ ਨਾਲ ਡਲ ਲੇਕ ‘ਚ ਹਾਊਸਬੋਟ ‘ਤੇ ATM ਸੇਵਾ ਸ਼ੁਰੂ ਕੀਤੀ ਹੈ। 16 ਅਗਸਤ ਵਾਲੇ ਦਿਨ SBI ਦੇ ਚੇਅਰਮੈਨ ਦਿਨੇਸ਼ ਕੁਮਾਰ ਖਾਰਾ ਵੱਲੋਂ ਇਸ ATM ਸੇਵਾ ਨੂੰ ਲਾਂਚ ਕੀਤਾ ਗਿਆ। ਆਪਣੇ ਟਵੀਟ ਜ਼ਰੀਏ SBI ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।
SBI ਨੇ ਆਪਣੇ ਟਵੀਟ ‘ਚ ਲਿਖਿਆ ਕਿ ‘ਸਾਡੇ ਚੇਅਰਮੈਨ ਦਿਨੇਸ਼ ਕੁਮਾਰ ਖਾਰਾ ਨੇ ਸ੍ਰੀਨਗਰ ਸਥਿਤ ਡੱਲ ਲੇਕ ‘ਚ ਫਲੋਟਿੰਗ ATM ਲਾਂਚ ਕੀਤਾ।’ ਸ੍ਰੀਨਗਰ ਦੇ ਬੇਹੱਦ ਹੀ ਪਾਪੂਲਰ ਟੂਰਿਸਟ ਸਪਾਟ ਡੱਲ ਲੇਕ ‘ਚ ਇਸ ਸੇਵਾ ਦੀ ਸ਼ੁਰੂਆਤ ਨਾਲ ਲੰਬੇ ਸਮੇਂ ਤੋਂ ਦਰਪੇਸ਼ ਆ ਰਹੀ ਧਨ ਨਿਕਾਸੀ ਦੀ ਸਮੱਸਿਆ ਦਾ ਹੱਲ ਹੋ ਸਕੇਗਾ ਤੇ ਨਾਲ ਹੀ ਟੂਰਿਜ਼ਮ ਨੂੰ ਵੀ ਬੜ੍ਹਾਵਾ ਮਿਲੇਗਾ। ਫਲੋਟਿੰਗ ATM ਤੋਂ ਇਲਾਵਾ ਡੱਲ ਲੇਕ ‘ਚ ਫਲੋਟਿੰਗ ਬੈਂਕ ਤੇ ਫਲੋਟਿੰਗ ਪੋਸਟਆਫਿਸ ਦੀ ਸ਼ੁਰੂਆਤ ਵੀ ਕੀਤੀ ਜਾ ਚੁੱਕੀ ਹੈ।