ਖੰਨਾ- ਖੰਨਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਗਗਨਦੀਪ ਸਿੰਘ ਚੀਮਾ ਤੋਂ ਫਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਚੀਮਾ ਨੂੰ ਪਕਿਸਤਾਨ ਦੇ ਕਿਸੇ ਅਣਜਾਣ ਨੰਬਰ ਤੋਂ ਵੱਟਸਐੱਪ ’ਤੇ ਕਾਲ ਆਈ, ਜਿਸ ਨੇ ਬੱਚਿਆਂ ਦਾ ਨੁਕਸਾਨ ਕਰਨ ਦੀ ਧਮਕੀ ਦੇ ਕੇ ਫਰੌਤੀ ਦੀ ਮੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਗਨਦੀਪ ਸਿੰਘ ਚੀਮਾ ਨੇ ਕਿਹਾ ਕਿ ਉਸਦੀ ਬੇਟੀ ਵਿਦੇਸ਼ ਕੇਨੈਡਾ ਪੜ੍ਹਦੀ ਹੈ ਤੇ ਬੇਟਾ ਖੰਨਾ, ਪੰਜਾਬ ’ਚ ਹੀ ਉਸਦੇ ਨਾਲ ਰਹਿੰਦਾ ਹੈ। ਮਿਤੀ 19 ਨਵੰਬਰ 2024 ਦਿਨ ਮੰਗਲਵਾਰ ਨੂੰ ਸਵੇਰੇ ਕਰੀਬ 11.41 ਵਜੇ ਇਕ ਅਣਜਾਣ ਨੰਬਰ 923281513699 ਤੋਂ ਮੇਰੇ ਨੰਬਰ ’ਤੇ ਵ੍ਹਟਸਐਪ ਕਾਲ ਆਈ। ਕਾਲ ਤੋਂ ਨੰਬਰ ਪਕਿਸਤਾਨ ਦਾ ਸ਼ੋਅ ਹੋ ਰਿਹਾ ਸੀ। ਫੋਨ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਕਿਹਾ ਕਿ ਤੇਰੇ ਬੱਚੇ ਵਿਦੇਸ਼ ਪੜ੍ਹਦੇ ਹਨ, ਅਸੀਂ ਉਸਦੇ ਬੱਚਿਆਂ ਦਾ ਕੋਈ ਵੱਡਾ ਨੁਕਸਾਨ ਕਰ ਦੇਵਾਂਗੇ, ਜੇਕਰ ਤੂੰ ਬੱਚਿਆਂ ਦੀ ਸਲਾਮਤੀ ਚਾਹੁੰਦਾ ਹੈ ਤਾਂ ਸਾਨੂੰ ਰੁਪਏ ਦੇਣੇ ਪੇਣਗੇ। ਚੀਮਾ ਨੇ ਕਿਹਾ ਕਿ ਉਹ ਉਨ੍ਹਾਂ ਦੀ ਇਹ ਧਮਕੀ ਸੁਣ ਕੇ ਘਬਰਾ ਗਿਆ ਤੇ ਗੁੱਸੇ ’ਚ ਵੀ ਆ ਗਿਆ। ਜਿਸ ਕਰਕੇ ਉਸਨੇ ਫਿਰੌਤੀ ਮੰਗਣ ਵਾਲਿਆਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਫੋਨ ਕੱਟ ਦਿੱਤਾ। ਇਸ ਮਗਰੋਂ ਵੀ ਉਨ੍ਹਾਂ ਨੂੰ ਕਈ ਵਾਰ ਫੋਨ ਲਗਾਇਆ ਪਰ ਉਨ੍ਹਾਂ ਨੇ ਆਪਣਾ ਫੋਨ ਨਹੀਂ ਚੁੱਕਿਆ ਤੇ ਜਿਸ ਕਰਕੇ ਉਨ੍ਹਾਂ ਨਾਲ ਹੋਰ ਗੱਲ ਨਹੀਂ ਹੋਈ। ਚੀਮਾ ਨੇ ਦੱਸਿਆ ਕਿ ਇਸ ਫਰੌਤੀ ਸਬੰਧੀ ਕੱਲ ਨੂੰ ਐੱਸਐੱਸਪੀ ਖੰਨਾ ਅਸ਼ਵਨੀ ਗੋਟਿਆਲ ਨੂੰ ਸ਼ਿਕਾਇਤ ਦੇਣਗੇ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਉਕਤ ਨੰਬਰ ਤੋਂ ਕਾਲ ਕਰਨ ਵਾਲਿਆਂ ਦਾ ਪਤਾ ਲਗਾਇਆ ਜਾਵੇ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਆਪ ਆਗੂ ਗਗਨਦੀਪ ਸਿੰਘ ਚੀਮਾ ਤੋਂ ਮੰਗੀ ਫਿਰੌਤੀ, ਪਕਿਸਤਾਨ ਤੋਂ ਵ੍ਹਟਸਐਪ ’ਤੇ ਆਈ ਕਾਲ
