ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੇਵਾ ਨਿਭਾਉਣ ਲਈ ਪੁੱਜੇ ਸੁਖਦੇਵ ਸਿੰਘ ਢੀਂਡਸਾ

ਸ੍ਰੀ ਆਨੰਦਪੁਰ ਸਾਹਿਬ-ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜ਼ਾ ਯਾਫਤਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਅਤੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅੱਜ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਧਾਰਮਿਕ ਸਜ਼ਾ ਭੁਗਤਣ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜੇ ਜਿੱਥੇ ਉਹਨਾਂ ਵੱਲੋਂ ਸਵੇਰੇ 9 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਦੁਆਰ ਦੇ ਬਾਹਰ ਬੈਠ ਕੇ ਸੇਵਾਦਾਰ ਵਾਲਾ ਚੋਲਾ ਪਾ ਕੇ, ਹੱਥ ਵਿੱਚ ਬਰਛਾ ਫੜ੍ਹ ਕੇ ਸੇਵਾ ਸ਼ੁਰੂ ਕੀਤੀ ਗਈ। ਇਸ ਉਪਰੰਤ ਉਹਨਾਂ ਵੱਲੋਂ ਗੁਰਦਵਾਰਾ ਸਾਹਿਬ ਜਾ ਕੇ ਕੀਰਤਨ ਵੀ ਸਰਵਣ ਕੀਤਾ ਗਿਆ।

ਗੌਰਤਲਬ ਹੈ ਕਿ ਸਿਹਤ ਨਾ-ਸਾਜ਼ ਹੋਣ ਦੇ ਚਲਦਿਆਂ ਢੀਂਡਸਾ ਵੱਲੋਂ ਬੀਤੇ ਦੋ ਦਿਨ ਸੇਵਾ ਨਹੀਂ ਕੀਤੀ ਗਈ ਅਤੇ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਾਣਕਾਰੀ ਦਿੱਤੀ ਗਈ ਸੀ। ਅੱਜ ਉਹਨਾਂ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਹ ਸੇਵਾ ਆਰੰਭੀ ਗਈ ਹੈ ਅਤੇ ਕੱਲ੍ਹ ਵੀ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲੱਗੇ ਹੁਕਮ ਅਨੁਸਾਰ ਸੇਵਾ ਨਿਭਾਉਣਗੇ।

ਇਸ ਮੌਕੇ ਪੁਲੀਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਉਹਨਾਂ ਨਾਲ ਵਿਸ਼ੇਸ਼ ਤੌਰ ਤੇ ਭੁਪਿੰਦਰ ਸਿੰਘ ਬਜਰੂੜ, ਸੁਰਜੀਤ ਸਿੰਘ ਚੈਹੜ ਮਜਾਰਾ, ਸੁਰਿੰਦਰ ਸਿੰਘ ਘੱਟੀਵਾਲ, ਸਤਵੰਤ ਸਿੰਘ ਸਰਾਓ, ਸੁਰਜੀਤ ਸਿੰਘ ਦੁਲਚੀ ਮਾਜਰਾ, ਹਰਪਾਲ ਸਿੰਘ ਮੰਝਪੁਰ, ਜਸਵਿੰਦਰ ਸਿੰਘ, ਹਰਮੇਸ਼ ਸਿੰਘ ਕੀਰਤਪੁਰ ਸਾਹਿਬ, ਪ੍ਰੀਤਮ ਸਿੰਘ ਸਲੋਮਾਜਰਾ, ਮੁਹੰਮਦ ਤੁਫੈਲ, ਸਾਬਕਾ ਚੇਅਰਮੈਨ ਗੁਰਦੀਪ ਮਕੌੜ, ਹਰਦੀਪ ਸਿੰਘ ਸਾਬਕਾ ਚੇਅਰਮੈਨ, ਅਮਰਿੰਦਰ ਸਿੰਘ ਮੰਡੀਆਂ ਵਿਸ਼ੇਸ਼ ਤੌਰ ਤੇ ਮੌਜੂਦ ਸਨ।