👉ਚੀਨ ਨੇ ਕਿਹਾ ਨਸ਼ਾ ਤਸਕਰਾਂ ਨਾਲ ਸਖਤੀ ਨਾਲ ਨਿਪਟਾਂਗੇ
ਚੀਨ ਨੇ ਨਸ਼ਾ ਤਸਕਰੀ ਦੇ ਦੋਸ਼ ‘ਚ ਚਾਰ ਕੈਨੇਡੀਅਨ ਨਾਗਰਿਕਾਂ ਨੂੰ ਮੌਤ ਸਜ਼ਾ ਦੇ ਦਿੱਤੀ ਹੈ । ਇਸ ਗੱਲ ਦੀ ਪੁਸ਼ਟੀ ਕੈਨੇਡਾ ਦੇ ਵਿਦੇਸ਼ ਮੰਤਰੀ ਮੈਲਿਨੀ ਜੌਲੀ ਨੇ ਕੀਤੀ ਹੈ । ਵਿਦੇਸ਼ ਮੰਤਰੀ ਨੇ ਚੀਨ ਦੀ ਇਸ ਕਾਰਵਾਈ ਨੂੰ ਅਣਮਨੁੱਖੀ ਦੱਸਦਿਆਂ ਇਸ ਦੀ ਨਿੰਦਾ ਕੀਤੀ ਹੈ ਅਤੇ ਨਾਗਰਿਕਾਂ ਦੇ ਪਰਿਵਾਰਾਂ ਕੂਟਨੀਤਕ ਮਦਦ ਦੇਣ ਦਾ ਭਰੋਸਾ ਦਿੱਤਾ ਹੈ । ਚੀਨ ਉਕਤ ਕਾਰਵਾਈ ਇਸ ਵਰ੍ਹੇ ਦੇ ਸ਼ੁਰੂ ‘ਚ ਕੀਤੀ ਹੈ । ਵਿਦੇਸ਼ ਮੰਤਰੀ ਅਨੁਸਾਰ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਵੱਲੋਂ ਚੀਨ ‘ਤੇ ਇਸ ਗੱਲ ਜ਼ੋਰ ਦਿੱਤਾ ਗਿਆ ਸੀ ਕਿ ਇਸ ਮਾਮਲੇ ‘ਚ ਨਰਮਾਈ ਵਰਤੀ ਜਾਵੇ ਪਰ ਸਰਕਾਰ ਦੀ ਕੋਸ਼ਿਸ਼ ਸਫਲ ਨਹੀਂ ਹੋ ਸਕੀ ।
ਦੂਜੇ ਪਾਸੇ ਕੈਨੇਡਾ ‘ਚ ਚੀਨ ਦੇ ਰਾਜਦੂਤ ਨੇ ਵੀ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਚੀਨ ਕਨੂੰਨ ਦੀ ਪਾਲਣਾ ਕਰਨ ਵਾਲਾ ਦੇਸ਼ ਹੈ ਅਤੇ ਜੋ ਵੀ ਨਸ਼ੇ ਵਰਗੇ ਗੰਭੀਰ ਅਪਰਾਧਾਂ ‘ਚ ਸ਼ਾਮਿਲ ਪਾਇਆ ਜਾਵੇਗਾ, ਚੀਨ ਉਸ ਨਾਲ ਸਖਤੀ ਨਾਲ ਨਿਪਟੇਗਾ ।
ਦੱਸਣਯੋਗ ਹੈ ਕਿ ਇਸ ਵਕਤ ਸੌ ਦੇ ਕਰੀਬ ਕੈਨੇਡੀਅਨ ਨਾਗਰਿਕ ਚੀਨ ਦੀਆਂ ਜੇਲ੍ਹਾਂ ‘ਚ ਵੱਖ ਵੱਖ ਮਾਮਲਿਆਂ ‘ਚ ਬੰਦ ਹਨ ਅਤੇ ਚੀਨ ਦੀ ਸਜ਼ਾ ਪ੍ਰਨਾਲੀ ਤੋਂ ਬਚ ਨਿਕਲਣ ਦੀ ਉਮੀਦ ਕੇਵਲ ਇੱਕ ਫੀਸਦੀ ਹੀ ਹੈ । ਉਪਰੋਕਤ ਨਾਗਰਿਕ ਚੀਨ ਮੂਲ ਦੇ ਹੀ ਦੱਸੇ ਜਾਂਦੇ ਹਨ ।
(ਗੁਰਮੁੱਖ ਸਿੰਘ ਬਾਰੀਆ)