ਗੋਆ ਵਿੱਚ ਕਾਂਗਰਸ ਲਈ ਮਾਹੌਲ ਸਾਜ਼ਗਾਰ: ਚਿਦੰਬਰਮ

ਪਣਜੀ

ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਵੀਰਵਾਰ ਨੂੰ ਕਿਹਾ ਕਿ ਕਾਂਗਰਸ ਅਗਲੇ ਸਾਲ ਫਰਵਰੀ ਵਿੱਚ ਹੋ ਰਹੀਆਂ ਗੋਆ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 40 ਸੀਟਾਂ ਲੜਨ ਲਈ ਤਿਆਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸੂਬੇ ਵਿੱਚ ਪਾਰਟੀ ਲਈ ਸਿਆਸੀ ਮਾਹੌਲ ਬੇਹੱਦ ਸਾਜ਼ਗਾਰ ਬਣਿਆ ਹੋਇਆ ਹੈ।

ਕੁੱਲ ਹਿੰਦ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਚੋਣ ਆਬਜ਼ਰਵਰ (ਗੋਆ) ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸੂਬੇ ਵਿੱਚ ਚੋਣਾਂ ਮਗਰੋਂ ਪਾਰਟੀ ਆਪਣੀ ਸਰਕਾਰ ਬਣਾਏਗੀ ਪਰ ਹਮਖਿਆਲੀ ਪਾਰਟੀਆਂ ਨਾਲ ਗੱਠਜੋੜ ਦਾ ਫ਼ੈਸਲਾ ਉੱਚਿਤ ਸਮੇਂ ’ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਦੇ ਪੱਖ ਵਿੱਚ ਹਵਾ ਚੱਲ ਰਹੀ ਹੈ। ਇਸ ਤੋਂ ਲੱਗ ਰਿਹਾ ਹੈ ਕਿ ਸਰਕਾਰ ਬਦਲੇਗੀ ਅਤੇ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਨਵੀਂ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਗੋਆ ਦੇ ਲੋਕ ਵੀ ਸਰਕਾਰ ਬਦਲਣ ਲਈ ਆਸਵੰਦ ਹਨ ਅਤੇ ਕਾਂਗਰਸ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰੇਗੀ। ਚਿਦੰਬਰਮ ਨੇ ਕਿਹਾ ਕਿ ਪਾਰਟੀ ਚੋਣ ਮੈਦਾਨ ਵਿੱਚ ਅਜਿਹੇ ਉਮੀਦਵਾਰ ਉਤਾਰੇਗੀ ਜੋ ਪਾਰਟੀ ਦੀ ਵਿਚਾਰਧਾਰਾ ਨਾਲ ਮੇਲ ਖਾਂਦੇ ਹੋਣ ਅਤੇ ਗੋਆ ਦੇ ਲੋਕਾਂ ਦੀ ਸੇਵਾ ਕਰਨ ਦੀ ਰੁਚੀ ਰੱਖਦੇ ਹੋਣ। ਇਸੇ ਦੌਰਾਨ ਚਿਦੰਬਰਮ ਨੇ ਕਿਹਾ ਕਿ ਇਸ ਵੇਲੇ ਭਾਰਤ ਦਾ ਅਰਥਚਾਰਾ ਬੇਹੱਦ ਕਮਜ਼ੋਰ ਹੈ, ਜੇ ਸਰਕਾਰ ਨੇ ਗ਼ਲਤ ਫ਼ੈਸਲੇ ਨਾ ਕੀਤੇ ਤਾਂ ਇਹ ਵਿੱਤੀ ਵਰ੍ਹੇ 2022-23 ਵਿੱਚ ਉੱਭਰ ਸਕਰਦਾ ਹੈ। ਗੋਆ ਦੇ ਦੋ ਰੋਜ਼ਾ ਦੌਰਾਨ ਦੇ ਦੂਜੇ ਦਿਨ ਪ੍ਰੈਸ ਕਾਨਫਰੰਸ ਦੌਰਾਨ ਚਿਦੰਬਰਮ ਨੇ ਕਿਹਾ ਕਿ ਭਾਰਤੀ ਅਰਥਚਾਰਾ ਕਾਫ਼ੀ ਹੇਠਾਂ ਡਿੱਗ ਚੁੱਕਿਆ ਹੈ, ਇਹ ਯਾਦ ਰੱਖਿਆ ਜਾਵੇ ਕਿ ਪਿਛਲੇ ਸਾਲ ਵਿਕਾਸ ਦਰ ਵਿੱਚ ਨਾਂਹ-ਪੱਖੀ ਵਾਧਾ ਹੋਇਆ ਸੀ।