ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਕਨਚੈਲੋ ਇਡ ਅਰਨੋਂਨੇ ‘ਚ ਨਵੇਂ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਸਾਹਿਬ ਦੀ 5 ਸਤੰਬਰ ਨੂੰ ਸਥਾਪਨਾ

ਮਿਲਾਨ : ਸਿੱਖ ਧਰਮ ਦਾ ਗੌਰਵਮਈ ਇਤਿਹਾਸ ਹੈ ਜਿਸ ਨੂੰ ਪੰਜਾਬੀਆਂ ਨੇ ਆਪਣੀ ਅਣਥੱਕ ਮਿਹਨਤ, ਇਮਾਨਦਾਰੀ ਤੇ ਸੇਵਾ ਭਾਵਨਾ ਨਾਲ ਪੂਰੀ ਦੁਨੀਆਂ ਤਕ ਪਹੁੰਚਾਇਆ ਹੈ ਤੇ ਦੁਨੀਆਂ ਭਰ ਵਿਚ ਨਾਮਣਾ ਖੱਟਿਆ ਹੈ। ਇਸ ਦੀ ਇਕ ਉਦਾਹਰਨ ਇਟਲੀ ਦੇ ਜ਼ਿਲ੍ਹਾ ਕਸੇਰਤਾ ਦੇ ਇਕ ਸ਼ਹਿਰ ਕਨਚੈਲੋ ਇਡ ਅਰਨੋਂਨੇ ਵਿਖੇ ਸਮੂਹ ਸਿੱਖ ਸੰਗਤ ਦੇ ਸਹਿਯੋਗ ਨਾਲ ਨਵੇਂ ਗੁਰੂ ਘਰ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਸਾਹਿਬ ਦਾ ਨਿਰਮਾਣ ਕੀਤਾ ਗਿਆ ਹੈ ਜਿੱਥੇ 5 ਸਤੰਬਰ ਦਿਨ ਐਤਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ। ਸਮੂਹ ਸਿੱਖ ਸੰਗਤ ਇਟਲੀ ਨੇ ਇਹ ਜਾਣਕਾਰੀ ਪ੍ਰੈੱਸ ਨੂੰ ਦਿੰਦਿਆਂ ਕਿਹਾ ਕਿ 5 ਸਤੰਬਰ ਨੂੰ ਸਮੂਹ ਸਿੱਖ ਸੰਗਤ ਦੇ ਭਰਵੇਂ ਇਕੱਠ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ। ਨਿਸ਼ਾਨ ਸਾਹਿਬ ਦੀ ਸੇਵਾ ਸੰਗਤ ਵੱਲੋਂ ਸਾਂਝੇ ਤੌਰ ‘ਤੇ ਕੀਤੀ ਜਾਵੇਗੀ। ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨ ਦਰਬਾਰ ਸਜਾਇਆ ਜਾਵੇਗਾ ਅਤੇ ਲੰਗਰ ਅਤੁੱਟ ਵਰਤੇਗਾ। ਗੁਰਦੁਆਰਾ ਸਾਹਿਬ ਦੀ ਇਹ ਨਵ-ਨਿਰਮਾਣ ਇਮਾਰਤ ਆਪਣੇ ਵਿਲੱਖਣ ਮਾਡਲ ਕਾਰਨ ਪੰਜਾਬੀਆਂ ਅਤੇ ਵਿਦੇਸ਼ੀਆਂ ਦੀ ਖਿੱਚ ਦਾ ਕੇਂਦਰ ਬਣ ਰਹੀ ਹੈ। ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਸਾਹਿਬ ਦੀ ਸਥਾਪਨਾ ਨਾਲ ਇਲਾਕੇ ‘ਚ ਰਹਿਣ ਬਸੇਰਾ ਕਰਦੀ ਸੰਗਤ ਨੂੰ ਗੁਰੂ ਨਾਨਕ ਦੇ ਘਰ ਦੀ ਸੇਵਾ ਦਾ ਸੁਭਾਗਾ ਸਮਾਂ ਵੀ ਪ੍ਰਾਪਤ ਹੁੰਦਾ ਰਹੇਗਾ ਜਿਸ ਪ੍ਰਤੀ ਸੰਗਤਾਂ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਦੇਖਿਆ ਜਾ ਰਿਹਾ ਹੈ।