ਚੌਥਾ ਟੈਸਟ: ਭਾਰਤ ਨੇ ਇੰਗਲੈਂਡ ਨੂੰ 157 ਦੌੜਾਂ ਨਾਲ ਹਰਾਇਆ

ਚੌਥਾ ਟੈਸਟ: ਭਾਰਤ ਨੇ ਇੰਗਲੈਂਡ ਨੂੰ 157 ਦੌੜਾਂ ਨਾਲ ਹਰਾਇਆ

ਲੰਡਨ,

ਭਾਰਤ ਨੇ ਚੌਥੇ ਟੈਸਟ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਅੱਜ ਇਥੇ ਇੰਗਲੈਂਡ ਨੂੰ 157 ਦੌੜਾਂ ਨਾਲ ਹਰਾ ਕੇ ਪੰਜ ਟੈਸਟ ਮੈਚਾਂ ਦੀ ਲੜੀ ’ਚ 2-1 ਦੀ ਅਜੇਤੂ ਲੀਡ ਹਾਸਲ ਕਰ ਲਈ ਹੈ। ਭਾਰਤ ਵੱਲੋਂ ਜਿੱਤ ਲਈ ਮਿਲੇ 368 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ ਦੂਜੀ ਪਾਰੀ ’ਚ 210 ਦੌੜਾਂ ਹੀ ਬਣਾ ਸਕੀ। ਪਹਿਲੀ ਪਾਰੀ ’ਚ ਇੰਗਲੈਂਡ ਨੇ 290 ਦੌੜਾਂ ਬਣਾਈਆਂ ਸਨ। ਭਾਰਤੀ ਗੇਂਦਬਾਜ਼ਾਂ ਨੇ ਅੱਜ ਵਿਰੋਧੀ ਬੱਲੇਬਾਜ਼ਾਂ ਨੂੰ ਖੁੱਲ੍ਹ ਨਾ ਖੇਡਣ ਦਿੱਤਾ। ਦੂਜੀ ਪਾਰੀ ’ਚ ਇੰਗਲੈਂਡ ਵੱਲੋਂ ਹਸੀਬ ਹਮੀਦ ਨੇ ਸਭ ਤੋਂ ਵੱਧ 63 ਦੌੜਾਂ ਜਦਕਿ ਰੋਰੀ ਬਰਨਜ਼ ਨੇ 50 ਦੌੜਾਂ ਬਣਾਈਆਂ। ਕਪਤਾਨ ਜੋਅ ਰੂਟ ਨੇ 36 ਅਤੇ ਕ੍ਰਿਸ ਵੋਕਸ ਨੇ 18 ਦੌੜਾਂ ਦਾ ਯੋਗਦਾਨ ਦਿੱਤਾ ਪਰ ਬਾਕੀ ਬੱਲੇਬਾਜ਼ ਕੁਝ ਖਾਸ ਪ੍ਰਦਰਸ਼ਨ ਨਾ ਕਰ ਸਕੇ। ਭਾਰਤ ਵੱਲੋਂ ਉਮੇਸ਼ ਯਾਦਵ ਨੇ 3 ਜਦਕਿ ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ ਅਤੇ ਸ਼ਾਰਦੁਲ ਠਾਕੁਰ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਭਾਰਤੀ ਟੀਮ ਨੇ ਪਹਿਲੀ ਪਾਰੀ ਵਿੱਚ 191 ਅਤੇ ਦੂਜੀ ਪਾਰੀ ਵਿੱਚ 466 ਦੌੜਾਂ ਬਣਾਈਆਂ ਸਨ। ਦੂਜੀ ਪਾਰੀ ’ਚ ਸੈਂਕੜਾ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ ਹੈ। ਲੜੀ ਦਾ ਪੰਜਵਾਂ ਅਤੇ ਆਖਰੀ ਟੈਸਟ ਮੈਚ 10 ਸਤੰਬਰ ਤੋਂ ਮਾਨਚੈਸਟਰ ’ਚ ਖੇਡਿਆ ਜਾਵੇਗਾ।

Sports