ਅੰਮ੍ਰਿਤਸਰ,
ਇਤਿਹਾਸਕ ਜੱਲ੍ਹਿਆਂਵਾਲਾ ਬਾਗ ਵਿੱਚ ਨਵੀਨੀਕਰਨ ਦੇ ਕੰਮ ਦੌਰਾਨ ਇਸ ਦੇ ਮੂਲ ਸਰੂਪ ਨਾਲ ਕੀਤੀ ਗਈ ਛੇੜਛਾੜ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ। ਭਾਜਪਾ ਦੀ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਵੀ ਜੱਲ੍ਹਿਆਂਵਾਲਾ ਬਾਗ ਦੇ ਇਤਿਹਾਸ ਨਾਲ ਛੇੜਛਾੜ ਦਾ ਸਖ਼ਤ ਵਿਰੋਧ ਕੀਤਾ ਹੈ। ਸ਼ਹੀਦੀ ਯਾਦਗਾਰ ਦਾ ਅੱਜ ਦੌਰਾ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰੋ. ਚਾਵਲਾ ਨੇ ਦੋਸ਼ ਲਾਇਆ ਕਿ ਨਵੀਨੀਕਰਨ ਦੌਰਾਨ ਇਸ ਦੇ ਮੂਲ ਸਰੂਪ ਨਾਲ ਛੇੜਖਾਨੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਦੇ ਮੂਲ ਸਰੂਪ ਨੂੰ ਬਹਾਲ ਕੀਤਾ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਵੇਸ਼ ਦੁਆਰ ਨੇੜੇ ਤੰਗ ਗਲੀ ਵਿੱਚ ਤਸਵੀਰਾਂ ਲਾ ਕੇ ਸ਼ਹੀਦੀ ਯਾਦਗਾਰ ਦੀ ਅਸਲ ਭਾਵਨਾ ਨੂੰ ਹੀ ਖ਼ਤਮ ਕਰ ਦਿੱਤਾ ਗਿਆ ਹੈ। ‘ਇਹ ਤਸਵੀਰਾਂ ਦੇਖਣ ਮਗਰੋਂ ਇੰਜ ਲੱਗਦਾ ਹੈ ਕਿ 13 ਅਪਰੈਲ, 1919 ਨੂੰ ਇੱਥੇ ਸਾਰੇ ਲੋਕ ਹੱਸਦੇ-ਗਾਉਂਦੇ ਹੋਏ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਆਏ ਸਨ ਨਾ ਕਿ ਅੰਗਰੇਜ਼ ਹਾਕਮਾਂ ਖ਼ਿਲਾਫ਼ ਕੀਤੇ ਗਏ ਜਲਸੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ।’ ਪ੍ਰੋ. ਚਾਵਲਾ ਨੇ ਕਿਹਾ,‘‘ਅੰਗਰੇਜ਼ੀ ਹਾਕਮ ਜਨਰਲ ਡਾਇਰ ਨੇ ਜਿਸ ਜਗ੍ਹਾ ਤੋਂ ਗੋਲੀ ਚਲਾਈ ਸੀ, ਉਥੇ ਨਿਸ਼ਾਨੀ ਵਜੋਂ ਇਕ ਪਿੱਲਰ ਸੀ, ਜਿਸ ਨੂੰ ਹਟਾ ਦਿੱਤਾ ਗਿਆ ਹੈ। ਸ਼ਹੀਦੀ ਖੂਹ ਜਿਸ ਵਿੱਚ ਸੈਂਕੜੇ ਲੋਕਾਂ ਨੇ ਜਾਨਾਂ ਬਚਾਉਣ ਲਈ ਛਾਲਾਂ ਮਾਰੀਆਂ ਸਨ ਅਤੇ ਮੌਤ ਦੇ ਮੂੰਹ ਵਿੱਚ ਚਲੇ ਗਏ ਸਨ, ਦੀ ਵੀ ਅਸਲ ਦਿੱਖ ਬਦਲ ਦਿੱਤੀ ਗਈ ਹੈ। ਇਹ ਸ਼ਹੀਦੀ ਖੂਹ ਨਵੇਂ ਰੂਪ ਵਿੱਚ ਇੰਜ ਲਗਦਾ ਹੈ ਜਿਵੇਂ ਸ਼ੀਸ਼ੇ ਦਾ ਬਕਸਾ ਹੋਵੇ। ਇਸੇ ਤਰ੍ਹਾਂ ਅਮਰ ਜੋਤੀ ਦਾ ਸਥਾਨ ਬਦਲ ਦਿੱਤਾ ਗਿਆ ਹੈ ਅਤੇ ਇਸ ਨੂੰ ਪਿਛਾਂਹ ਪਖਾਨਿਆਂ ਨੇੜੇ ਕਰ ਦਿੱਤਾ ਗਿਆ ਹੈ।’’ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਜੱਲ੍ਹਿਆਂਵਾਲਾ ਬਾਗ ਯਾਦਗਾਰ ਕਮੇਟੀ ਨੂੰ ਹਦਾਇਤ ਕਰਨ ਤਾਂ ਜੋ ਇਸ ਦਾ ਪੁਰਾਤਨ ਸਰੂਪ ਬਹਾਲ ਕੀਤਾ ਜਾ ਸਕੇ। ਪ੍ਰਵੇਸ਼ ਦੁਆਰ ਨੇੜੇ ਈ-ਟਿਕਟਿੰਗ ਦੀਆਂ ਲੱਗੀਆਂ ਮਸ਼ੀਨਾਂ ਬਾਰੇ ਉਨ੍ਹਾਂ ਕਿਹਾ ਕਿ ਇੰਜ ਜਾਪਦਾ ਹੈ ਕਿ ਸ਼ਹੀਦੀ ਯਾਦਗਾਰ ਨੂੰ ਦੇਖਣ ਲਈ ਦਾਖ਼ਲਾ ਟਿਕਟ ਲਾਈ ਜਾਵੇਗੀ ਅਤੇ ਜੇਕਰ ਇੰਜ ਹੁੰਦਾ ਹੈ ਤਾਂ ਇਹ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕਰੀਬ ਡੇਢ ਸਾਲ ਪਹਿਲਾਂ ਇੱਥੇ ਲੋਕਾਂ ਦਾ ਦਾਖ਼ਲਾ ਬੰਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਲੋਕਾਂ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੇ ਬਿਨਾਂ ਹੀ ਵਾਪਸ ਪਰਤਣਾ ਪੈਂਦਾ ਸੀ ਪਰ ਹੁਣ ਤਾਂ ਇਸ ਦੇ ਮੂਲ ਸਰੂਪ ਨੂੰ ਹੀ ਬਦਲ ਦਿੱਤਾ ਗਿਆ ਹੈ।