ਖੇਤੀ ਕਾਨੂੰਨਾਂ ਦਾ ਖਾਕਾ ਬਾਦਲਾਂ ਨੇ ਤਿਆਰ ਕੀਤਾ: ਸਿੱਧੂ

PCC President Navjot Singh Sidhu address a Press Conference at Punjab Congress Bhawan Sector 15in Chandigarh on Wednesday. Tribune Photo Manoj Mahajan

ਚੰਡੀਗੜ੍ਹ, 

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਕਿਹਾ ਕਿ ਕੇਂਦਰੀ ਖੇਤੀ ਕਾਨੂੰਨਾਂ ਦਾ ਖਾਕਾ ਬਾਦਲ ਪਰਿਵਾਰ ਨੇ ਹੀ ਤਿਆਰ ਕੀਤਾ ਹੈ| ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਕੇਂਦਰੀ ਖੇਤੀ ਕਾਨੂੰਨਾਂ ਦੇ ਨਿਰਮਾਤਾ ਵਜੋਂ ਜ਼ੋਰਦਾਰ ਢੰਗ ਨਾਲ ਇਨ੍ਹਾਂ ਖੇਤੀ ਕਾਨੂੰਨਾਂ ਦੀ ਸ਼ਲਾਘਾ ਕੀਤੀ ਪਰ ਜਦੋਂ ਲੋਕਾਂ ਦਾ ਦਬਾਅ ਵਧਿਆ ਤਾਂ ਬਾਦਲਾਂ ਨੂੰ ਇਨ੍ਹਾਂ ਕਾਨੂੰਨਾਂ ਸਬੰਧੀ ਯੂ-ਟਰਨ ਲੈਣਾ ਪਿਆ| ਬਤੌਰ ਪਾਰਟੀ ਪ੍ਰਧਾਨ ਅੱਜ ਆਪਣੀ ਪਹਿਲੀ ਪ੍ਰੈੱਸ ਕਾਨਫ਼ਰੰਸ ਵਿਚ ਉਨ੍ਹਾਂ ਕਿਹਾ ਕਿ ਜਲਦ ਹੀ ਬਾਦਲ ਮੁੜ ਭਾਜਪਾ ਦੀ ਝੋਲੀ ਪੈ ਜਾਣਗੇ|

ਨਵਜੋਤ ਸਿੱਧੂ ਨੇ ਕਿਹਾ ਕਿ ਬਾਦਲ ਸਾਲ 2013 ਵਿੱਚ ਕਿਸਾਨਾਂ ਵਿਰੁੱਧ ਕੰਟਰੈਕਟ ਫਾਰਮਿੰਗ ਬਿੱਲ ਲੈ ਕੇ ਆਏ ਸਨ ਜਿਸ ਵਿਚ ਥੋੜ੍ਹਾ ਜਿਹਾ ਬਦਲਾਅ ਕਰ ਕੇ ਕੇਂਦਰ ਸਰਕਾਰ ਨੇ ਉਸ ਬਿੱਲ ਨੂੰ ਨਵੇਂ ਕੇਂਦਰੀ ਖੇਤੀ ਕਾਨੂੰਨਾਂ ਦਾ ਰੂਪ ਦੇ ਦਿੱਤਾ ਹੈ| ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕੰਟਰੈਕਟ ਫਾਰਮਿੰਗ ਕਾਨੂੰਨ ਅਤੇ ਕੇਂਦਰੀ ਖੇਤੀ ਕਾਨੂੰਨਾਂ ਵਿਚਾਲੇ ਸਬੰਧ ਜੋੜਨ ਲਈ ਕਈ ਧਾਰਾਵਾਂ ਦਾ ਹਵਾਲਾ ਵੀ ਦਿੱਤਾ| ਉਨ੍ਹਾਂ ਕਿਹਾ ਕਿ ਬਾਦਲਾਂ ਨੇ ਪਹਿਲਾਂ ਪੰਜਾਬ ਵਿਚ ਇਹ ਕਾਨੂੰਨ ਲਾਗੂ ਕਰ ਕੇ ਖੁਦ ਤਜਰਬਾ ਕੀਤਾ ਅਤੇ ਮਗਰੋਂ ਭਾਜਪਾ ਦਾ ਸਾਥ ਦੇ ਕੇ ਪੂਰੇ ਦੇਸ਼ ਵਿਚ ਖੇਤੀ ਕਾਨੂੰਨ ਲਾਗੂ ਕਰਵਾਏ ਹਨ| ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਪੰਜਾਬ ਸਰਕਾਰ ਵੱਲੋਂ ਸੱਦੀ ਗਈ ਸਰਬ-ਪਾਰਟੀ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ| ਉਸ ਮਗਰੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਵੀਡੀਓਜ਼ ਅਪਲੋਡ ਕਰ ਕੇ ਖੇਤੀ ਕਾਨੂੰਨਾਂ ਦਾ ਗੁਣਗਾਣ ਕੀਤਾ| ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਵੀਡੀਓ ਰਾਹੀਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਭਲਾਈ ਵਾਲੇ ਕਰਾਰ ਦਿੱਤਾ| ਉਨ੍ਹਾਂ ਕਿਹਾ ਕਿ ਗੱਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਬਾਦਲਾਂ ਨੇ ਪੰਜਾਬ ਦੇ     ਕਿਸਾਨਾਂ ਦਾ ਇੱਕ ਆਨਾ ਵੀ ਮੁਆਫ਼ ਨਹੀਂ ਸੀ ਕੀਤਾ|

ਇਸ ਦੌਰਾਨ ਸ੍ਰੀ ਸਿੱਧੂ ਨੇ ਯੂਪੀਏ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਦੇ 78 ਹਜ਼ਾਰ ਕਰੋੜ ਦੇ ਕਰਜ਼ੇ ਮੁਆਫ਼ ਕੀਤੇ ਜਾਣ ਦੀ ਗੱਲ ਕਰਦਿਆਂ ਐੱਮਐੱਸਪੀ, ਜਨਤਕ ਵੰਡ ਪ੍ਰਣਾਲੀ ਅਤੇ ਖੁਰਾਕ ਸੁਰੱਖਿਆ ਐਕਟ ਦਾ ਸਿਹਰਾ ਵੀ ਪਿਛਲੀ ਮਨਮੋਹਨ ਸਿੰਘ ਸਰਕਾਰ ਦੇ ਸਿਰ ਸਜਾਇਆ| ਸ੍ਰੀ ਸਿੱਧੂ ਨੇ ਖੇਤੀ ਕਾਨੂੰਨਾਂ ਦੀ ਪ੍ਰਸ਼ੰਸਾ ਸਬੰਧੀ ਬਾਦਲ ਪਰਿਵਾਰ ਦੀਆਂ ਵੀਡੀਓਜ਼ ਵੀ ਮੀਡੀਆ ਦੇ ਸਨਮੁੱਖ ਕੀਤੀਆਂ| ਨਵਜੋਤ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਨਾਂ ਲਏ ਬਿਨਾ ਆਪਣੀ ਸਰਕਾਰ ਦੀ ਕਰਜ਼ਾ ਮੁਆਫੀ ਸਕੀਮ ਦੀ ਸ਼ਲਾਘਾ ਕੀਤੀ| ਇਸ ਮੌਕੇ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਸੰਗਤ ਸਿੰਘ ਗਿਲਜ਼ੀਆਂ ਤੇ ਪਵਨ ਗੋਇਲ ਤੋਂ ਇਲਾਵਾ ਕਾਂਗਰਸ ਦੇ ਜਨਰਲ ਸਕੱਤਰ ਅਤੇ ਵਿਧਾਇਕ ਪਰਗਟ ਸਿੰਘ ਵੀ ਮੌਜੂਦ ਸਨ।