ਅੰਮ੍ਰਿਤਸਰ, 15 ਸਤੰਬਰ ਉੱਘੇ ਕਲਾਕਾਰ ਅਤੇ ਕਾਂਗਰਸੀ ਆਗੂ ਰਾਜ ਬੱਬਰ ਨੇ ਅੱਜ ਇੱਥੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਜੇ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਤਾਂ ਉਹ ਗ਼ਲਤ ਨਹੀਂ ਹੋ ਸਕਦੇ। ਉਹ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਚ ਮੱਥਾ ਟੇਕਣ ਲਈ ਆਏ ਸਨ। ਉਨ੍ਹਾਂ ਨਾਲ ਫਿਲਮ ਨਿਰਮਾਤਾ ਕੇਸੀ ਬੋਕਾਡੀਆ ਵੀ ਸਨ। ਇਸ ਮੌਕੇ ਉਨ੍ਹਾਂ ਕੋਈ ਵੀ ਸਿਆਸੀ ਗੱਲਬਾਤ ਕਰਨ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਉਹ ਅੱਜ ਸਿਆਸਤਦਾਨ ਵਜੋਂ ਨਹੀਂ ਬਲਕਿ ਨਿੱਜੀ ਤੌਰ ’ਤੇ ਮੱਥਾ ਟੇਕਣ ਲਈ ਆਏ ਹਨ। ਉਨ੍ਹਾਂ ਮੌਜੂਦਾ ਸਿਆਸਤ ਬਾਰੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਸੰਕੋਚ ਕੀਤਾ। ਕਿਸਾਨ ਸੰਘਰਸ਼ ਬਾਰੇ ਉਨ੍ਹਾਂ ਕਿਹਾ ਕਿ ਉਹ ਕਿਸਾਨ ਸੰਘਰਸ਼ ਦਾ ਸਮਰਥਨ ਕਰਦੇ ਹਨ। ਜੇ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਤਾਂ ਸਾਰੇ ਕਿਸਾਨ ਕਿਵੇਂ ਗ਼ਲਤ ਹੋ ਸਕਦੇ ਹਨ। ਸਰਕਾਰ ਨੂੰ ਕਿਸਾਨਾਂ ਦੇ ਨਜ਼ਰੀਏ ਤੋਂ ਵੀ ਗੱਲ ਨੂੰ ਸਮਝਣਾ ਚਾਹੀਦਾ ਹੈ। ਹਰਿਆਣਾ ’ਚ ਕਿਸਾਨਾਂ ’ਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਉੱਥੇ ਜੋ ਕੁਝ ਵੀ ਕਿਸਾਨਾਂ ਨਾਲ ਵਾਪਰਿਆ, ਉਹ ਠੀਕ ਨਹੀਂ ਸੀ। ਕਿਸਾਨਾਂ ਨਾਲ ਹਿੰਸਕ ਢੰਗ ਨਾਲ ਪੇਸ਼ ਆਉਣਾ ਜਾਇਜ਼ ਨਹੀਂ ਹੈ। ਇਸ ਮੌਕੇ ਸ੍ਰੀ ਬੱਬਰ ਨੇ ਆਖਿਆ ਕਿ ਉਹ ਜਦੋਂ ਵੀ ਅੰਮ੍ਰਿਤਸਰ ਆਉਂਦੇ ਹਨ ਤਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਜ਼ਰੂਰ ਜਾਂਦੇ ਹਨ। ਇਹ ਸ਼ਹਿਰ ਉਨ੍ਹਾਂ ਦਾ ਆਪਣਾ ਘਰ ਵਰਗਾ ਹੈ। ਉਨ੍ਹਾਂ ਇੱਥੇ ਆਪਣਾ ਬਚਪਨ ਬਿਤਾਇਆ ਹੈ। ਇਸ ਮੌਕੇ ਉਨ੍ਹਾਂ ਆਪਣੀ ਨਵੀਂ ਆ ਰਹੀ ਫਿਲਮ ‘ਭੂਤ ਅੰਕਲ ਤੁਸੀਂ ਗਰੇਟ ਹੋ’ ਬਾਰੇ ਵੀ ਜਾਣਕਾਰੀ ਦਿੱਤੀ।

ਸੰਗਰੂਰ, 

ਦਿ ਬਾਲੀਆਂ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਦੀ ਕਥਿਤ ਤੌਰ ’ਤੇ ‘ਕਾਗਜ਼ਾਂ’ ’ਚ ਹੋਈ ਚੋਣ ਦਾ ਮਾਮਲਾ ਅੱਜ ਦੂਜੇ ਦਿਨ ਵੀ ਭਖਿਆ ਰਿਹਾ। ਅੱਜ ਵੀ ਸੁਸਾਇਟੀ ਨੂੰ ਤਾਲਾ ਲਟਕਦਾ ਰਿਹਾ ਅਤੇ ਸੈਂਕੜੇ ਲੋਕ ਸੁਸਾਇਟੀ ਅੱਗੇ ਰੋਸ ਧਰਨੇ ’ਤੇ ਡਟੇ ਰਹੇ। ਸੁਸਾਇਟੀ ਨਾਲ ਸਬੰਧਤ ਤਿੰਨ ਪਿੰਡਾਂ ਬਾਲੀਆਂ, ਰੂਪਾਹੇੜੀ ਅਤੇ ਲੱਡੀ ਦੇ ਲੋਕਾਂ ਵਲੋਂ ਇਨਸਾਫ਼ ਲਈ ਐਕਸ਼ਨ ਕਮੇਟੀ ਬਣਾ ਕੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਲਿਆ ਗਿਆ ਜਿਸ ਤਹਿਤ ਭਲਕੇ 16 ਸਤੰਬਰ ਨੂੰ ਸਹਿਕਾਰੀ ਸੇਵਾਵਾਂ ਵਿਭਾਗ ਦੇ ਸਹਾਇਕ ਰਜਿਸਟਰਾਰ ਦੇ ਦਫ਼ਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਐਕਸ਼ਨ ਕਮੇਟੀ ਦੇ ਵਫ਼ਦ ਵਲੋਂ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਚੋਣ ਰੱਦ ਕਰਨ ਅਤੇ ਲੋਕਤੰਤਰੀ ਤੇ ਪਾਰਦਰਸ਼ੀ ਢੰਗ ਨਾਲ ਚੋਣ ਕਰਾਉਣ ਦੀ ਮੰਗ ਕੀਤੀ। ਉਧਰ ਭਾਕਿਯੂ ਏਕਤਾ ਉਗਰਾਹਾਂ ਸਮੇਤ ਹੋਰ ਜਥੇਬੰਦੀਆਂ ਵੀ ਲੋਕਾਂ ਦੀ ਹਮਾਇਤ ਵਿਚ ਨਿੱਤਰ ਆਈਆਂ ਹਨ।

ਰੋਸ ਧਰਨੇ ਦੌਰਾਨ ਪਿੰਡ ਬਾਲੀਆਂ ਦੇ ਸਰਪੰਚ ਹਰਜੀਤ ਸਿੰਘ ਬਾਲੀਆਂ, ਕੇਵਲ ਸਿੰਘ ਬਾਲੀਆਂ ਅਤੇ ਕਿਸਾਨ ਆਗੂ ਬਿੰਦਰ ਸਿੰਘ ਨੇ ਦੱਸਿਆ ਕਿ ‘ਕਾਗਜ਼ੀ’ ਚੋਣ ਨੂੰ ਰੱਦ ਕਰਾਉਣ ਅਤੇ ਲੋਕਤੰਤਰੀ ਅਤੇ ਪਾਰਦਰਸ਼ੀ ਢੰਗ ਨਾਲ ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ ਕਰਾਉਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨ ਵਾਸਤੇ ਜਿਥੇ ਤਿੰਨ ਪਿੰਡਾਂ ਦੇ ਲੋਕਾਂ ਵਲੋਂ 11 ਮੈਂਬਰੀ ਐਕਸ਼ਨ ਕਮੇਟੀ ਬਣਾ ਦਿੱਤੀ ਹੈ ਉਥੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਲਿਖਤੀ ਸ਼ਿਕਾਇਤ ਸੌਂਪਦਿਆਂ ਨਿਯਮਾਂ ਦੀ ਉਲੰਘਣਾ ਕਰਕੇ ਅੰਦਰਖਾਤੇ ਹੋਈ ਚੋਣ ਦੇ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਗਈ ਹੈ ਅਤੇ ਡਿਪਟੀ ਕਮਿਸ਼ਨਰ ਵਲੋਂ ਇਨਸਾਫ਼ ਦਾ ਭਰੋਸਾ ਦਿਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੂਜੇ ਦਿਨ ਵੀ ਸੁਸਾਇਟੀ ਨੂੰ ਤਾਲਾ ਲਟਕਦਾ ਰਿਹਾ ਅਤੇ ਤਿੰਨੋਂ ਪਿੰਡਾਂ ਨਾਲ ਸਬੰਧਤ ਲੋਕ ਵੱਡੀ ਤਾਦਾਦ ’ਚ ਰੋਸ ਧਰਨੇ ’ਤੇ ਡਟੇ ਰਹੇ। ਉਨ੍ਹਾਂ ਦੱਸਿਆ ਕਿ ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ ਦੀ ਮਿਆਦ ਖਤਮ ਹੋ ਚੁੱਕੀ ਸੀ ਪਰੰਤੂ ਕੁਝ ਲੋਕਾਂ ਵਲੋਂ ਆਪਣੇ ਆਪ ਹੀ ਚੋਣ ਕਰਕੇ ਆਪ ਹੀ ਅਹੁਦੇਦਾਰ ਚੁਣ ਲਏ ਜਦੋਂ ਕਿ ਚੋਣ ਬਾਬਤ ਕੋਈ ਮੁਨਾਦੀ ਨਹੀਂ ਕਰਵਾਈ ਗਈ ਅਤੇ ਨਾ ਹੀ ਪਿੰਡਾਂ ਦੇ ਲੋਕਾਂ ਅਤੇ ਸੁਸਾਇਟੀ ਮੈਂਬਰਾਂ ਨਾਲ ਚੋਣ ਬਾਰੇ ਕੋਈ ਸਲਾਹ ਮਸ਼ਵਰਾ ਕੀਤਾ ਗਿਆ। ਐਕਸ਼ਨ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਇਨਸਾਫ਼ ਲੈਣ ਲਈ ਭਲਕੇ 16 ਸਤੰਬਰ ਨੂੰ ਸਹਾਇਕ ਰਜਿਸਟਰਾਰ ਦੇ ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਲਗਾਇਆ ਜਾਵੇਗਾ। ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਸੁਸਾਇਟੀ ਨੂੰ ਤਾਲਾ ਲੱਗਿਆ ਰਹੇਗਾ ਅਤੇ ਸੰਘਰਸ਼ ਜਾਰੀ ਰਹੇਗਾ।