ਨਾਕੇ ’ਤੇ ਗੱਡੀ ਰੋਕਣ ‘ਤੇ ਕਾਰ ਸਵਾਰਾਂ ਨੇ ਪੁਲਿਸ ਮੁਲਾਜ਼ਮ ਦੇ ਮਾਰੀ ਗੋਲੀ, ਗੰਭੀਰ ਜ਼ਖ਼ਮੀ

ਨਾਕੇ ’ਤੇ ਗੱਡੀ ਰੋਕਣ ‘ਤੇ ਕਾਰ ਸਵਾਰਾਂ ਨੇ ਪੁਲਿਸ ਮੁਲਾਜ਼ਮ ਦੇ ਮਾਰੀ ਗੋਲੀ, ਗੰਭੀਰ ਜ਼ਖ਼ਮੀ

ਪੱਟੀ : ਹਰੀਕੇ-ਖਾਲੜਾ ਮਾਰਗ ’ਤੇ ਪੁਲਿਸ ਵੱਲੋਂ ਰੇਲਵੇ ਫਾਟਕ ’ਤੇ ਨਾਕਾ ਲਗਾਇਆ ਹੋਇਆ ਸੀ ਕਿ ਇਕ ਕਾਰ ਨੂੰ ਰੋਕਣਾ ਚਾਹਿਆਂ ਤਾਂ ਕਾਰ ਨਹੀਂ ਰੁਕੀ। ਜਦੋਂਕਿ ਇਸ ਦੌਰਾਨ ਕਾਰ ਸਵਾਰਾਂ ਨੇ ਪੁਲਿਸ ਮੁਲਾਜ਼ਮਾਂ ’ਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਇਕ ਕਰਮਚਾਰੀ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ। ਘਟਨਾ ਰਾਤ 10 ਵਜੇ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਮੁਲਜਮਾਂ ਦਾ ਪਿੱਛਾ ਕਰਕੇ ਗੱਡੀ ਨੂੰ ਤਾਂ ਕਾਬੂ ਕਰ ਲਿਆ ਹੈ। ਪਰ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਮੁਖੀ ਧਰੁਮਨ ਐੱਚ ਨਿੰਬਾਲੇ ਸਮੇਤ ਡੀਐਸਪੀ ਪੱਟੀ ਕੁਲਜਿੰਦਰ ਸਿੰਘ, ਥਾਣਾ ਮੁਖੀ ਲਖਬੀਰ ਸਿੰਘ ਸਮੇਤ ਵੱਖ-ਵੱਖ ਥਾਣਿਆ ਦੀ ਪੁਲਿਸ ਮੌਕੇ ’ਤੇ ਪੁੱਜੀ। ਇਸ ਮੌਕੇ ’ਤੇ ਡੀਐਸਪੀ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ ਅਤੇ ਮੁਲਾਜਮਾ ਨੇ ਕਾਰ ਸਵਾਰਾਂ ਨੂੰ ਰੋਕਣਾਂ ਚਾਹਿਆ ਪਰ ਉਨ੍ਹਾਂ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆ। ਜਿਸ ਕਾਰਨ ਗੁਰਸਾਹਿਬ ਸਿੰਘ ਦੇ ਗੋਲੀ ਲੱਗੀ ਹੈ। ਜਿਸ ਨੂੰ ਇਲਾਜ਼ ਲਈ ਤਰਨਤਾਰਨ ਦੇ ਹਸਪਤਾਲ ਵਿਖੇ ਭਾਰਤੀ ਕਰਵਾਇਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜਮਾ ਦਾ ਜਦੋ ਪਿੱਛਾ ਕੀਤਾ ਤਾ ਉਹ ਸੋਮਾ ਕੰਪਨੀ ਦੇ ਗੁਦਾਮਾਂ ਲਾਗੇ ਗੱਡੀ ਛੱਡ ਕੇ ਭੱਜ ਗਏ। ਪੁਲਿਸ ਨੇ ਕਰੇਟਾ ਕਾਰ ਨੰਬਰ ਪੀਬੀ 05 ਏਐਨ 4444 ਕਬਜ਼ੇ ਵਿਚ ਲੈ ਲਈ ਹੈ। ਦੂਜੇ ਪਾਸੇ ਐਸਐਸਪੀ ਧਰੁਮਨ ਐੱਚ ਨਿੰਬਾਲੇ ਦਾ ਕਹਿਣਾ ਹੈ ਕਿ ਮੁਲਜਮਾਂ ਨੂੰ ਬਖ਼ਸਿਆਂ ਨਹੀਂ ਜਾਵੇਗਾ। ਪੁਲਿਸ ਵੱਲੋਂ ਦੋ ਨੌਜਵਾਨਾਂ ਦੀਆਂ ਫੋਟੋਆਂ ਵੀ ਵਾਇਰਲ ਕੀਤੀਆਂ ਗਈਆਂ ਹਨ। ਘਟਨਾ ਤੋਂ ਬਾਅਦ ਦੇਰ ਰਾਤ ਤਕ ਪੁਲਿਸ ਖੇਤਾਂ ’ਚ ਮੁਲਜਮਾਂ ਨੂੰ ਫੜਨ ਲਈ ਭੱਜਦੋੜ ਕਰਦੀ ਰਹੀ।

Punjab