ਖੇਤੀ ਕਾਨੂੰਨਾਂ ਖ਼ਿਲਾਫ਼ ਅਕਾਲੀ ਦਲ ਦਾ ਸੰਸਦ ਤੱਕ ਰੋਸ ਮਾਰਚ ਅੱਜ

ਨਵੀਂ ਦਿੱਲੀ/ਚੰਡੀਗੜ੍ਹ

ਸ਼੍ਰੋਮਣੀ ਅਕਾਲੀ ਸਲ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਤੱਕ ਅਕਾਲੀ ਦਲ ਵੱਲੋਂ ਰੋਸ ਮਾਰਚ 17 ਸਤੰਬਰ ਨੂੰ ਕੱਢਿਆ ਜਾ ਰਿਹਾ ਹੈ। ਭਾਵੇਂ ਦਿੱਲੀ ਪ੍ਰਸ਼ਾਸਨ ਨੇ ਇਸ ਰੋਸ ਮਾਰਚ ਲਈ ਮਨਜ਼ੂਰੀ ਨਹੀਂ ਦਿੱਤੀ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਰੋਸ ਮਾਰਚ ਹਰ ਹਾਲ ਵਿੱਚ ਕੱਢਿਆ ਜਾਵੇਗਾ। ਬਾਦਲ ਧੜੇ ਦੇ ਦਿੱਲੀ ਦੇ ਇੰਚਾਰਜ ਬਲਵਿੰਦਰ ਸਿੰਘ ਭੂੰਦੜ ਨੇ ਦੱਸਿਆ ਕਿ ਚਾਹੇ ਮਨਜ਼ੂਰੀ ਨਹੀਂ ਮਿਲੀ ਪਰ ਵੱਡੀ ਗਿਣਤੀ ਵਿੱਚ ਲੋਕ ਇਸ ਮਾਰਚ ਵਿੱਚ ਸ਼ਾਮਲ ਹੋਣਗੇ। ਪੰਜਾਬ ਤੋਂ ਕੂਚ ਕੀਤੇ ਜਥਿਆਂ ਦੇ ਰੂਪ ’ਚ ਹਜ਼ਾਰਾਂ ਦੀ ਗਿਣਤੀ ਵਿੱਚ ਆਗੂ ਗੁਰਦੁਆਰਾ ਰਕਾਬਗੰਜ ਸਾਹਿਬ ਪਹੁੰਚ ਗਏ ਸਨ ਅਤੇ ਕਈ ਹਜ਼ਾਰ ਹੋਰ ਅਕਾਲੀ ਦਿੱਲੀ ਦੇ ਬਾਰਡਰਾਂ ’ਤੇ ਪੁਲੀਸ ਨਾਲ ਗੱਲਬਾਤ ਵਿੱਚ ਉਲਝੇ ਹੋਏ ਹਨ ਤੇ ਕੌਮੀ ਰਾਜਧਾਨੀ ਵਿੱਚ ਪ੍ਰਵੇਸ਼ ਕੀਤੇ ਜਾਣ ਦੇਣ ਦੀ ਅਪੀਲ ਕਰ ਰਹੇ ਹਨ। ਇਹ ਵਰਕਰ ਕਾਲੇ ਤੇ ਕੇਸਰੀ ਝੰਡਿਆਂ ਲੈ ਕੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇ ਵਾਲੇ ਬੈਨਰ ਲੈ ਕੇ ਬੱਸਾਂ, ਕਾਰਾਂ ਤੇ ਰੇਲ ਗੱਡੀਆਂ ਰਾਹੀਂ ਰਵਾਨਾ ਹੋਏ ਹਨ।

ਮੋਦੀ ਸਰਕਾਰ ਵੱਲੋਂ ਤਿੰਨੋਂ ਖੇਤੀ ਕਾਨੂੰਨ ਲੋਕ ਸਭਾ ਤੇ ਰਾਜ ਸਭਾ ਵਿੱਚ ਪਾਸ ਕਰਵਾਉਣ ਮਗਰੋਂ ਪੰਜਾਬ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵਧੇ ਰੋਹ ਨੂੰ ਦੇਖਦਿਆਂ ਦਲ ਦੇ ਕੋਟੇ ਵਿੱਚੋਂ ਬਣੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਅਸਤੀਫ਼ਾ ਦੇਣਾ ਪਿਆ ਸੀ। ਬੀਤੇ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਉਹ ਵੀਡੀਓ ਜਾਰੀ ਕੀਤੇ ਸਨ ਜਿਨ੍ਹਾਂ ਵਿੱਚ ਬਾਦਲ ਪਰਿਵਾਰ ਇਨ੍ਹਾਂ ਕਾਨੂੰਨਾਂ ਦੇ ਹੱਕ ਵਿੱਚ ਭੁਗਤਦਾ ਪ੍ਰਤੀਤ ਹੋ ਰਿਹਾ ਸੀ।