ਵਾਸ਼ਿੰਗਟਨ,
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਦੱਸਿਆ ਰਾਸ਼ਟਰਪਤੀ ਜੋਅ ਬਾਇਡਨ ਸੰਯੁਕਤ ਰਾਸ਼ਟਰ ਦੇ ਜਨਰਲ ਇਜਲਾਸ ’ਚ ਆਪਣੇ ਪਹਿਲੇ ਭਾਸ਼ਣ ਦੌਰਾਨ ਇਹ ਸਪੱਸ਼ਟ ਕਰਨਗੇ ਕਿ ਅਮਰੀਕਾ ਕਿਸੇ ਵੀ ਹੋਰ ਦੇਸ਼ ਨਾਲ ‘ਨਵੀਂ ਠੰਢੀ ਜੰਗ’ ਨਹੀਂ ਚਾਹੁੰਦਾ। ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਜ਼ ਨੇ ਮੀਡੀਆ ਨੂੰ ਹਾਲ ਹੀ ’ਚ ਦਿੱਤੀ ਇੰਟਰਵਿਊ ’ਚ ਨਵੀਂ ਠੰਢੀ ਜੰਗ ਦੇ ਖਦਸ਼ਿਆਂ ਤੋਂ ਚੌਕਸ ਕਰਦਿਆਂ ਚੀਨ ਤੇ ਅਮਰੀਕਾ ਨੂੰ ਅਪੀਲ ਕੀਤੀ ਸੀ ਕਿ ਦੋਵੇਂ ਵੱਡੇ ਤੇ ਪ੍ਰਭਾਵਸ਼ਾਲੀ ਮੁਲਕ ਕਿਸੇ ਵੀ ਠੰਢੀ ਜੰਗ ਤੋਂ ਪਹਿਲਾਂ ਆਪਣੇ ਰਿਸ਼ਤੇ ਸੁਧਾਰ ਲੈਣ।
ਸਾਕੀ ਨੇ ਗੁਟੇਰੇਜ਼ ਦੇ ਇਸ ਬਿਆਨ ਬਾਰੇ ਪੁੱਛੇ ਜਾਣ ’ਤੇ ਕਿਹਾ, ‘ਰਾਸ਼ਟਰਪਤੀ ਤੇ ਉਨ੍ਹਾਂ ਦੇ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਚੀਨ ਨਾਲ ਸਾਡਾ ਸਬੰਧ ਸੰਘਰਸ਼ ਦਾ ਨਹੀਂ ਬਲਕਿ ਮੁਕਾਬਲੇ ਦਾ ਹੈ। ਇਸ ਲਈ ਅਸੀਂ ਸਬੰਧਾਂ ਦੇ ਦਾਇਰੇ ਤੈਅ ਕੀਤੇ ਜਾਣ ਨਾਲ ਸਹਿਮਤ ਨਹੀਂ ਹਾਂ।’ ਉਨ੍ਹਾਂ ਕਿਹਾ ਕਿ ਬਾਇਡਨ ਦੀ ਪਿਛਲੇ ਹਫ਼ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ 90 ਮਿੰਟ ਫੋਨ ’ਤੇ ਹੋਈ ਵਾਰਤਾ ਦੌਰਾਨ ਵੱਖ ਵੱਖ ਵਿਸ਼ਿਆਂ ’ਤੇ ਚਰਚਾ ਕੀਤੀ ਗਈ।