ਸੰਯੁਕਤ ਰਾਸ਼ਟਰ
ਤੁਰਕੀ ਦੇ ਰਾਸ਼ਟਰਪਤੀ ਰਿਸਿਪ ਤਈਅਪ ਅਰਦੋਗਾਂ ਨੇ ਸੰਯੁਕਤ ਰਾਸ਼ਟਰ ਆਮ ਇਜਲਾਸ ਦੇ ਇਕ ਉੱਚ ਪੱਧਰੀ ਸੈਸ਼ਨ ਵਿਚ ਦੁਨੀਆ ਭਰ ਦੇ ਆਗੂਆਂ ਦੇ ਸਾਹਮਣੇ ਆਪਣੇ ਸੰਬੋਧਨ ਵਿਚ ਇਕ ਵਾਰ ਫਿਰ ਕਸ਼ਮੀਰ ਦਾ ਮੁੱਦਾ ਉਠਾਇਆ। ਪਿਛਲੇ ਸਾਲ ਵੀ ਉਨ੍ਹਾਂ ਆਮ ਚਰਚਾ ਲਈ ਆਪਣੇ ਪਹਿਲਾਂ ਤੋਂ ਰਿਕਾਰਡ ਕੀਤੇ ਗਏ ਵੀਡੀਓ ਬਿਆਨ ਵਿਚ ਜੰਮੂ ਕਸ਼ਮੀਰ ਦਾ ਜ਼ਿਕਰ ਕੀਤਾ ਸੀ। ਭਾਰਤ ਨੇ ਉਸ ਵੇਲੇ ਇਸ ਨੂੰ ‘ਪੂਰੀ ਤਰ੍ਹਾਂ ਨਕਾਰ’ ਦਿੱਤਾ ਸੀ ਤੇ ਕਿਹਾ ਸੀ ਕਿ ਤੁਰਕੀ ਦੀ ਟਿੱਪਣੀ ਸਵੀਕਾਰਨ ਯੋਗ ਨਹੀਂ ਹੈ। ਭਾਰਤ ਨੇ ਕਿਹਾ ਸੀ ਕਿ ਤੁਰਕੀ ਨੂੰ ਦੂਜੇ ਮੁਲਕਾਂ ਦੀ ਖ਼ੁਦਮੁਖਤਿਆਰੀ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਆਪਣੀਆਂ ਨੀਤੀਆਂ ਉਤੇ ਗਹਿਰਾਈ ਨਾਲ ਵਿਚਾਰ ਕਰਨਾ ਚਾਹੀਦਾ ਹੈ। ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ ‘74 ਸਾਲਾਂ ਤੋਂ ਉਨ੍ਹਾਂ ਦਾ ਕਸ਼ਮੀਰ ਬਾਰੇ ਰੁਖ਼ ਉਹੀ ਹੈ, ਉਹ ਮੁੱਦੇ ਦਾ ਹੱਲ ਚਾਹੁੰਦੇ ਹਨ। ਇਹ ਧਿਰਾਂ ਵਿਚਾਲੇ ਸੰਵਾਦ ਰਾਹੀਂ ਤੇ ਸੰਯੁਕਤ ਰਾਸ਼ਟਰ ਮਤਿਆਂ ਦੇ ਦਾਇਰੇ ਵਿਚ ਹੱਲ ਕੀਤਾ ਜਾ ਸਕਦਾ ਹੈ।’ ਪਾਕਿਸਤਾਨ ਦੇ ਨੇੜਲੇ ਸਹਿਯੋਗੀ ਤੁਰਕੀ ਦੇ ਰਾਸ਼ਟਰਪਤੀ ਉੱਚ ਪੱਧਰੀ ਆਮ ਚਰਚਾ ਵਿਚ ਆਪਣੇ ਸੰਬੋਧਨ ਵਿਚ ਵਾਰ-ਵਾਰ ਕਸ਼ਮੀਰ ਦਾ ਮੁੱਦਾ ਉਠਾਉਂਦੇ ਰਹਿੰਦੇ ਹਨ। ਉਨ੍ਹਾਂ ਪਿਛਲੇ ਸਾਲ ਪਾਕਿਸਤਾਨ ਦੀ ਆਪਣੀ ਯਾਤਰਾ ਦੌਰਾਨ ਵੀ ਕਸ਼ਮੀਰ ਦਾ ਮੁੱਦਾ ਚੁੱਕਿਆ ਸੀ। ਉਸ ਵੇਲੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਅਰਦੋਗਾਂ ਦੀ ਟਿੱਪਣੀ ਨਾ ਤਾਂ ਇਤਿਹਾਸ ਦੀ ਸਮਝ ਤੇ ਨਾ ਹੀ ਕੂਟਨੀਤੀ ਦੇ ਸੰਚਾਲਨ ਨੂੰ ਦਰਸਾਉਂਦੀ ਹੈ। ਇਸ ਦਾ ਤੁਰਕੀ ਦੇ ਭਾਰਤ ਨਾਲ ਸਬੰਧਾਂ ਉਤੇ ਡੂੰਘਾ ਅਸਰ ਪਏਗਾ।
ਤੁਰਕੀ ਦੇ ਰਾਸ਼ਟਰਪਤੀ ਰਿਸਿਪ ਤਈਅਪ ਅਰਦੋਗਾਂ ਨੇ ਆਪਣੇ ਸੰਬੋਧਨ ਦੌਰਾਨ ਸ਼ਿਨਜਿਆਂਗ ਵਿਚ ਚੀਨ ਦੇ ਘੱਟਗਿਣਤੀ ਮੁਸਲਿਮ ਉਈਗਰਾਂ ਤੇ ਮਿਆਂਮਾਰ ਦੇ ਰੋਹਿੰਗੀਆ ਘੱਟਗਿਣਤੀਆਂ ਦਾ ਵੀ ਜ਼ਿਕਰ ਕੀਤਾ। ਅਰਦੋਗਾਂ ਨੇ ਕਿਹਾ ‘ਚੀਨ ਦੀ ਖੇਤਰੀ ਅਖੰਡਤਾ ਦੇ ਸੰਦਰਭ ਵਿਚ ਅਸੀਂ ਮੰਨਦੇ ਹਾਂ ਕਿ ਮੁਸਲਿਮ ਉਈਗਰ ਤੁਰਕਾਂ ਦੇ ਮੂਲ ਹੱਕਾਂ ਦੀ ਰਾਖੀ ਬਾਰੇ ਹੋਰ ਯਤਨ ਕਰਨ ਦੀ ਲੋੜ ਹੈ।’ ਉਨ੍ਹਾਂ ਕਿਹਾ ‘ਅਸੀਂ ਰੋਹਿੰਗੀਆ ਮੁਸਲਮਾਨਾਂ ਦੀ ਉਨ੍ਹਾਂ ਦੀ ਜਨਮਭੂਮੀ ’ਚ ਸੁਰੱਖਿਅਤ, ਸਨਮਾਨਜਨਕ ਤੇ ਉਨ੍ਹਾਂ ਦੀ ਇੱਛਾ ਮੁਤਾਬਕ ਵਾਪਸੀ ਯਕੀਨੀ ਬਣਾਉਣ ਦਾ ਸਮਰਥਨ ਕਰਦੇ ਹਾਂ ਜੋ ਕਿ ਬੰਗਲਾਦੇਸ਼ ਤੇ ਮਿਆਂਮਾਰ ਵਿਚ ਕੈਂਪਾਂ ਵਿਚ ਬੇਹੱਦ ਮਾੜੀਆਂ ਸਥਿਤੀਆਂ ਵਿਚ ਜਿਊਂ ਰਹੇ ਹਨ।’