ਕਾਂਸਟੇਬਲ ਤੇ ਕਤਲ ਦੇ ਦੋਸ਼ੀ ਨੂੰ ਮਿਲੀ ਜ਼ਮਾਨਤ

ਟੋਰਾਂਟੋ : ਜੁਲਾਈ ਦੇ ਸ਼ੁਰੂ ਵਿੱਚ ਟੋਰਾਂਟੋ ਪੁਲਿਸ ਕਾਂਸਟੇਬਲ ਜੈਫਰੀ ਨੌਰਥਰਪ ਨੂੰ ਮਾਰਨ ਦੇ ਦੋਸ਼ ਵਿੱਚ ਫੜ੍ਹੇ ਗਏ ਵਿਅਕਤੀ ਨੂੰ 335,000 ਡਾਲਰ ਦੇ ਮੁਚਲਕੇ ਉੱਤੇ ਜ਼ਮਾਨਤ ਦੇ ਦਿੱਤੀ ਗਈ। ਇਸ ਦੀ ਪੁਸ਼ਟੀ ਉਸ ਦੇ ਵਕੀਲ ਵੱਲੋਂ ਕੀਤੀ ਗਈ।
ਜਾਂਚਕਾਰਾਂ ਨੇ 31 ਸਾਲਾ ਉਮਰ ਜ਼ਮੀਰ ਨੂੰ ਫਰਸਟ ਡਿਗਰੀ ਮਰਡਰ ਦੇ ਦੋਸ਼ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਸੀ। ਇਸ ਤਰ੍ਹਾਂ ਦਾ ਦੋਸ਼ ਲੱਗਣ ਉਪਰੰਤ ਸਬੰਧਤ ਵਿਅਕਤੀ ਨੂੰ ਆਟੋਮੈਟਿਕ ਉਮਰ ਕੈਦ ਹੋ ਜਾਂਦੀ ਹੈ। ਉਸ ਨੂੰ ਜ਼ਮਾਨਤ ਲਈ ਹੋਰ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਣਗੀਆਂ, ਜਿਸ ਤਹਿਤ ਉਸ ਨੂੰ ਹਾਊਸ ਅਰੈਸਟ ਰਹਿਣਾ ਹੋਵੇਗਾ, ਉਹ ਡਰਾਈਵਿੰਗ ਨਹੀਂ ਕਰ ਸਕੇਗਾ, ਉਸ ਨੂੰ ਇਲੈਕਟ੍ਰੌਨਿਕ ਐਂਕਲ ਬ੍ਰੈਸਲੇਟ ਪਾਉਣਾ ਹੋਵੇਗਾ ਤੇ ਉਸ ਨੂੰ ਆਪਣਾ ਪਾਸਪੋਰਟ ਵੀ ਸਰੈਂਡਰ ਕਰਨਾ ਹੋਵੇਗਾ।
ਉਸ ਦੀ ਅਗਲੀ ਪੇਸ਼ੀ ਪਹਿਲੀ ਅਕਤੂਬਰ ਨੂੰ ਹੋਵੇਗੀ। ਜਿ਼ਕਰਯੋਗ ਹੈ ਕਿ 52ਵੀਂ ਡਵੀਜ਼ਨ ਤੋਂ ਕਾਂਸਟੇਬਲ ਨੌਰਥੌਰਪ ਕਈ ਹੋਰਨਾਂ ਅਧਿਕਾਰੀਆਂ ਨਾਲ ਸਿਟੀ ਹਾਲ ਲਾਗੇ ਹੋਈ ਰੌਬਰੀ ਦੀ ਜਾਂਚ ਕਰ ਰਿਹਾ ਸੀ ਜਦੋਂ ਉਸ ਨੂੰ ਇੱਕ ਕਾਰ ਵੱਲੋਂ ਟੱਕਰ ਮਾਰੀ ਗਈ । ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਜਾਂਚਕਾਰਾਂ ਨੇ ਉਸ ਨੂੰ ਜਾਣਬੁੱਝ ਕੇ ਅੰਜਾਮ ਦਿੱਤਾ ਗਿਆ ਕਾਰਾ ਦੱਸਿਆ ਸੀ।
ਇਸ ਫੈਸਲੇ ਉੱਤੇ ਪ੍ਰੀਮੀਅਰ ਫੋਰਡ ਤੇ ਮੇਅਰ ਟੋਰੀ ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ ਹੈ ਤੇ ਇਸ ਸਬੰਧ ਵਿੱਚ ਜਵਾਬ ਤਲਬ ਕੀਤਾ ਗਿਆ ਹੈ।