ਕੈਬਨਿਟ ਮੀਟਿੰਗ ਅੱਜ, ਦਰਜਾ ਚਾਰ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਨੂੰ ਹਰੀ ਝੰਡੀ ਦੀ ਸੰਭਾਵਨਾ

ਚੰਡੀਗੜ੍ਹ,

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਨਵੀਂ ਕੈਬਨਿਟ ਆਪਣੀ ਪਲੇਠੀ ਮੀਟਿੰਗ ਵਿਚ ਦਰਜਾ ਚਾਰ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਬਾਰੇ ਫੈਸਲਾ ਲੈ ਸਕਦੀ ਹੈ| ਮੰਤਰੀ ਮੰਡਲ ਦੀ ਭਲਕੇ 10.30 ਵਜੇ ਮੀਟਿੰਗ ਹੋਣੀ ਹੈ ਜਿਸ ਵਿਚ ਸੱਤ ਨਵੇਂ ਚਿਹਰੇ ਪਹਿਲੀ ਵਾਰ ਮੀਟਿੰਗ ਵਿਚ ਸ਼ਾਮਿਲ ਹੋਣਗੇ| ਪਰਸੋਨਲ ਵਿਭਾਗ ਵੱਲੋਂ ਇਸ ਬਾਰੇ ਏਜੰਡਾ ਤਿਆਰ ਕੀਤਾ ਜਾ ਰਿਹਾ ਹੈ ਜੋ ਭਲਕੇ ਕੈਬਨਿਟ ਵਿਚ ਵਿਚਾਰਿਆ ਜਾਣਾ ਹੈ| ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਪਹਿਲਾਂ ਦਰਜਾ ਚਾਰ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਤੋਂ ਕਿਨਾਰਾ ਕਰ ਲਿਆ ਸੀ ਅਤੇ ਦਰਜਾ ਚਾਰ ਦੀ ਰੈਗੂਲਰ ਭਰਤੀ ਦੀ ਥਾਂ ਆਊਟ ਸੋਰਸਿੰਗ ਰਾਹੀਂ ਭਰਤੀ ਦਾ ਫੈਸਲਾ ਕੀਤਾ ਸੀ| ਅਮਰਿੰਦਰ ਦੀ ਆਖਰੀ ਕੈਬਨਿਟ ਮੀਟਿੰਗ ਵਿਚ ਜੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਫੈਸਲਾ ਟਲ ਗਿਆ ਸੀ, ਉਹ ਭਲਕੇ ਦੀ ਮੀਟਿੰਗ ਵਿਚ ਫਿਲਹਾਲ ਨਹੀਂ ਆ ਰਿਹਾ ਹੈ| ਉਸ ਬਾਰੇ ਪਹਿਲਾਂ ਐਡਵੋਕੇਟ ਜਨਰਲ ਦਾ ਮਸ਼ਵਰਾ ਵੀ ਲਿਆ ਜਾਣਾ ਹੈ|

ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਅੱਜ ਸਮਾਰੋਹਾਂ ਵਿਚ ਨਹੀਂ ਆਏ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨੁਮਾਇੰਦਾ ਹਾਜ਼ਰ ਸੀ| ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਗੈਰਹਾਜ਼ਰ ਰਹੇ| ਇਸੇ ਤਰ੍ਹਾਂ ਬੀਬੀ ਰਜਿੰਦਰ ਕੌਰ ਭੱਠਲ ਅਤੇ ਸੁਨੀਲ ਜਾਖੜ ਵੀ ਸਮਾਰੋਹਾਂ ਵਿਚ ਨਹੀਂ ਪੁੱਜ ਸਕੇ|

ਕੈਪਟਨ ਧੜੇ ਨਾਲ ਰਹੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਜਸਬੀਰ ਸਿੰਘ ਡਿੰਪਾ ਅਤੇ ਵਿਧਾਇਕ ਫਤਹਿਜੰਗ ਬਾਜਵਾ ਹਾਜ਼ਰ ਸਨ ਜਦੋਂ ਕਿ ਪ੍ਰਤਾਪ ਸਿੰਘ ਬਾਜਵਾ ਅਤੇ ਰਵਨੀਤ ਬਿੱਟੂ ਸਮਾਰੋਹਾਂ ਵਿਚ ਨਹੀਂ ਦਿਖੇ| ‘ਆਪ’ ਚੋਂ ਕਾਂਗਰਸ ਵਿਚ ਸ਼ਾਮਲ ਹੋਏ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਪਿਰਮਲ ਸਿੰਘ, ਜਗਦੇਵ ਕਮਾਲੂ ਹਾਜ਼ਰ ਸਨ, ਜਦਕਿ ਸੁਖਪਾਲ ਖਹਿਰਾ ਗੈਰਹਾਜ਼ਰ ਸਨ|ਨਵੇਂ ਚਿਹਰੇ ਗੁਰਕੀਰਤ ਸਿੰਘ ਕੋਟਲੀ ਨੇ ਅੱਜ ਹਲਫ਼ ਲੈਣ ਤੋਂ ਪਹਿਲਾਂ ਆਪਣੇ ਮਰਹੂਮ ਦਾਦਾ ਬੇਅੰਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਦੋਂ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮਾਰੋਹਾਂ ’ਚ ਆਉਣ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੇ ਘਰ ਗਏ| ਸਮਾਰੋਹਾਂ ਤੋਂ ਪਹਿਲਾਂ ਸੰਭਾਵੀ ਸੂਚੀ ’ਚੋਂ ਬਾਹਰ ਹੋਏ ਕੁਲਜੀਤ ਸਿੰਘ ਨਾਗਰਾ ਨੇ ਵੀਡੀਓ ਸੰਦੇਸ਼ ਜ਼ਰੀਏ ਆਖਿਆ ਕਿ ਉਹ ਕੈਬਨਿਟ ਵਿਚ ਸ਼ਾਮਿਲ ਨਹੀਂ ਹੋ ਰਹੇ| ਉਹ ਕਿਸਾਨਾਂ ਨਾਲ ਖੜ੍ਹੇ ਹਨ ਤੇ ਖੜ੍ਹੇ ਰਹਿਣਗੇ|ਨਵੀਂ ਕੈਬਨਿਟ ’ਚ ਰਾਣਾ ਗੁਰਜੀਤ ਸਿੰਘ ਦੀ ਸ਼ਮੂਲੀਅਤ ਨੂੰ ਲੈ ਕੇ ਕਾਂਗਰਸ ਦੇ ਅੰਦਰੋਂ ਦੋਆਬੇ ਦੇ ਸੱਤ ਵਿਧਾਇਕਾਂ ਵੱਲੋਂ ਵਿਰੋਧ ਕੀਤੇ ਜਾਣ ਦੇ ਬਾਵਜੂਦ ਉਹ ਮੰਤਰੀ ਬਣਨ ਵਿਚ ਸਫ਼ਲ ਰਹੇ ਹਨ| ਵਿਧਾਇਕ ਨਵਤੇਜ ਚੀਮਾ, ਸੁਖਪਾਲ ਖਹਿਰਾ, ਬਾਵਾ ਹੈਨਰੀ, ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਨਵਜੋਤ ਸਿੱਧੂ ਨਾਲ ਮੁਲਾਕਾਤ ਕਰਕੇ ਇਤਰਾਜ਼ ਕੀਤਾ ਕਿ ਰਾਣਾ ਗੁਰਜੀਤ ਖਣਨ ਕੇਸ ’ਚ ਸ਼ਾਮਿਲ ਹੋਣ ਕਰਕੇ ਜਨਵਰੀ 2018 ਵਿਚ ਵਜ਼ੀਰੀ ਤੋਂ ਹੱਥ ਧੋ ਬੈਠੇ ਸਨ। ਉਨ੍ਹਾਂ ਮੰਗ ਕੀਤੀ ਕਿ ਰਾਣਾ ਗੁਰਜੀਤ ਦੀ ਥਾਂ ਦੋਆਬੇ ਦੇ ਐੱਸ.ਸੀ ਚਿਹਰੇ ਨੂੰ ਥਾਂ ਦਿੱਤੀ ਜਾਵੇ ਕਿਉਂਕਿ ਦੋਆਬੇ ਵਿਚ 38 ਫੀਸਦੀ ਅਨੁਸੂਚਿਤ ਜਾਤੀਆਂ ਹਨ|