ਸੋਨੀ ਵੱਲੋਂ ਮਲਟੀ ਸਕਿੱਲ ਡਿਵੈਲਪਮੈਂਟ ਕੇਂਦਰ ’ਚ ਨਵੇਂ ਕੋਰਸਾਂ ਦੀ ਸ਼ੁਰੂਆਤ

ਅੰਮ੍ਰਿਤਸਰ, 

ਹੁਨਰ ਵਿਕਾਸ ਮਿਸ਼ਨ ਦੀ ਭਾਈਵਾਲੀ ਨਾਲ ਸੰਨ ਫਾਊਂਡੇਸ਼ਨ ਦੁਆਰਾ ਸਥਾਪਤ ਮਲਟੀ ਸਕਿੱਲ ਡਿਵੈਲਪਮੈਂਟ ਕੇਂਦਰ ਕਬੀਰ ਪਾਰਕ ਵਿੱਚ 10 ਨਵੇਂ ਹੋਰ ਮੁਫ਼ਤ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ। ਇਸ ਸਮਾਗਮ ਦੀ ਸ਼ੁਰੂਆਤ ਉੱਪ ਮੁੱਖ ਮੰਤਰੀ ਓਪੀ ਸੋਨੀ ਨੇ ਸ਼ਮਾ ਰੋਸ਼ਨ ਕਰਕੇ ਕੀਤੀ। ਸੋਨੀ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਬੱਚਿਆਂ ਨੂੰ ਕਿੱਤਾਮੁਖੀ ਸਿਖਲਾਈ ਵੱਲ ਲੈ ਕੇ ਜਾਣ ਦੀ ਸਖਤ ਜ਼ਰੂਰਤ ਹੈ ਤਾਂ ਜੋ ਉਹ ਹੁਨਰਮੰਦ ਬਣ ਕੇ ਆਪਣਾ ਕੰਮ ਸ਼ੁਰੂ ਕਰ ਸਕਣ। ਉਨ੍ਹਾਂ ਦੱਸਿਆ ਕਿ ਅੱਜ ਦੇ ਤਕਨੀਕੀ ਯੁੱਗ ਵਿੱਚ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਵੀ ਹੁਨਰ ਸਿਖਲਾਈ ਬੱਚਿਆਂ ਦੀ ਜ਼ਰੂਰਤ ਹੈ ਜੇਕਰ ਬੱਚੇ ਕਿੱਤਾਮੁਖੀ ਸਿਖਲਾਈ ਹਾਸਲ ਕਰਨ ਤਾਂ ਉਹ ਵੱਡੀਆਂ ਕੰਪਨੀਆਂ ਵਿੱਚ ਅਸਾਨੀ ਨਾਲ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ। ਸੋਨੀ ਨੇ ਸੰਨ ਫਾਉਂਡੇਸ਼ਨ ਦੇ ਚੇਅਰਮੈਨ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਦੀ ਸ਼ਲਾਘਾ ਕੀਤੀ। ਇਸ ਮੌਕੇ ਪਦਮਸ੍ਰੀ ਵਿਕਰਜੀਤ ਸਿੰਘ ਸਾਹਨੀ ਨੇ ਕਿਹਾ ਕਿ ਇਸ ਕੇਂਦਰ ਵਿੱਚ 10 ਨਵੇਂ ਕੋਰਸ ਸੇਲਜ਼ ਐਗਜੈਕਟਿਵ, ਫਿਟਰ ਮਕੈਨੀਕਲ, ਘਰੇਲੂ ਸਿਹਤ ਸਹਾਇਤਾ, ਫੂਡ ਐਂਡ ਬਿਵਰੇਜ ਸਟੀਵਾਰਡ, ਡਾਟਾ ਐਂਟਰੀ ਆਪਰੇਟਰ, ਕਸਟਮਰ ਕੇਅਰ ਐਗਜੈਕਟਿਵ ਆਦਿ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਮੁਫ਼ਤ ਕੰਪਿਊਟਰ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਕੋਰਸ ਕਰਨ ਉਪਰੰਤ ਵਿਦਿਆਰਥੀਆਂ ਦੀ ਕੰਪਨੀਆਂ ਵਿੱਚ ਪਲੇਸਮੈਂਟ ਵੀ ਕਰਵਾਈ ਜਾਂਦੀ ਹੈ। ਇਹ ਸਾਰੇ ਕੋਰਸ 3 ਤੋਂ 6 ਮਹੀਨਿਆਂ ਦੇ ਹਨ। ਇਸ ਮੌਕੇ ਸੰਨ ਫਾਊਂਡੇਸ਼ਨ ਸੰਸਥਾ ਵੱਲੋਂ ਸ੍ਰੀ ਸੋਨੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸੋਨੀ ਦੇ ਉੱਪ ਮੁੱਖ ਮੰਤਰੀ ਬਣਨ ’ਤੇ ਪੰਜਾਬ ਪੁਲੀਸ ਦੇ ਜਵਾਨਾਂ ਵਲੋਂ ਗਾਰਡ ਆਫ ਆਨਰ ਵੀ ਦਿੱਤਾ ਗਿਆ।