ਕਰਾਚੀ:ਬਲੋਚ ਦਹਿਸ਼ਤਗਰਦਾਂ ਵੱਲੋਂ ਗੜਬੜਜ਼ਦਾ ਬਲੋਚਿਸਤਾਨ ਸੂਬੇ ਦੇ ਸਾਹਿਲੀ ਸ਼ਹਿਰ ਗਵਾਦੜ ਵਿੱਚ ਕੀਤੇ ਬੰਬ ਧਮਾਕੇ ਵਿੱਚ ਮੁਲਕ ਦੇ ਬਾਨੀ ਮੁਹੰਮਦ ਅਲੀ ਜਿਨਾਹ ਦਾ ਬੁੱਤ ਨੁਕਸਾਨਿਆ ਗਿਆ ਹੈ। ਡਾਅਨ ਦੀ ਰਿਪੋਰਟ ਮੁਤਾਬਕ ਇਹ ਬੁੱਤ ਜੂਨ ਮਹੀਨੇ ਸੁਰੱਖਿਅਤ ਜ਼ੋਨ ਮੰਨੀ ਜਾਂਦੀ ਮਰੀਨ ਡਰਾਈਵ ’ਤੇ ਸਥਾਪਤ ਕੀਤਾ ਗਿਆ ਸੀ। ਰੋਜ਼ਨਾਮਚੇ ਦੀ ਰਿਪੋਰਟ ਮੁਤਾਬਕ ਬਲੋਚ ਦਹਿਸ਼ਤਗਰਦਾਂ ਨੇ ਐਤਵਾਰ ਸਵੇਰੇ ਬੁੱਤ ਦੇ ਹੇਠਾਂ ਬੰਬ ਰੱਖ ਕੇ ਧਮਾਕਾ ਕੀਤਾ, ਜਿਸ ਵਿੱਚ ਬੁੱਤ ਪੂਰੀ ਤਰ੍ਹਾਂ ਤਬਾਹ ਹੋ ਗਿਆ। ਬੀਬੀਸੀ ਉਰਦੂ ਦੀ ਰਿਪੋਰਟ ਮੁਤਾਬਕ ਪਾਬੰਦੀਸ਼ੁਦਾ ਜਥੇਬੰਦੀ ਬਲੋਚ ਰਿਪਬਲਿਕਨ ਆਰਮੀ ਦੇ ਬੁਲਾਰੇ ਬਾਬਗਰ ਬਲੋਚ ਨੇ ਟਵੀਟ ਕਰਕੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਗਵਾਦੜ ਦੇ ਡਿਪਟੀ ਕਮਿਸ਼ਨਰ ਮੇਜਰ (ਸੇਵਾਮੁਕਤ) ਅਬਦੁਲ ਕਬੀਰ ਖ਼ਾਨ ਨੇ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰ ’ਤੇ ਜਾਂਚ ਕੀਤੀ ਜਾਵੇਗੀ।
ਬਲੋਚ ਦਹਿਸ਼ਤਗਰਦਾਂ ਦੇ ਧਮਾਕੇ ਵਿੱਚ ਜਿਨਾਹ ਦਾ ਬੁੱਤ ਤਬਾਹ
