ਫ਼ੌਜ ਦੀ ਭਰਤੀ ਲਈ ਸਰੀਰਕ ਟੈਸਟ ਪਾਸ ਉਮੀਦਵਾਰਾਂ ਨੂੰ ਝਟਕਾ, 25 ਨੂੰ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀ

ਫ਼ੌਜ ਦੀ ਭਰਤੀ ਲਈ ਸਰੀਰਕ ਟੈਸਟ ਪਾਸ ਉਮੀਦਵਾਰਾਂ ਨੂੰ ਝਟਕਾ, 25 ਨੂੰ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀ

ਪਟਿਆਲਾ : ਭਾਰਤੀ ਫ਼ੌਜ ‘ਚ ਵੱਖ-ਵੱਖ ਵਰਗਾਂ ਵਿਚ ਭਰਤੀ ਲਈ ਸਰੀਰਕ ਟੈਸਟਾਂ ‘ਚ ਪਾਸ ਹੋਏ ਉਮੀਦਵਾਰਾਂ ਦੀ 25 ਜੁਲਾਈ ਨੂੰ ਲਈ ਜਾਣ ਵਾਲੀ ਲਿਖਤੀ ਪ੍ਰੀਖਿਆ ਕੋਵਿਡ-19 ਤੇ ਬਰਸਾਤਾਂ ਕਾਰਨ ਅਗਲੇ ਹੁਕਮਾਂ ਤਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਇਮਤਿਹਾਨ ਲਈ ਪੰਜ ਜ਼ਿਲਿ੍ਹਆਂ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਦੇ ਉਮੀਦਵਾਰਾਂ ਨੇ ਹਿੱਸਾ ਲੈਣਾ ਸੀ।

ਇਸ ਬਾਰੇ ਭਾਰਤੀ ਫ਼ੌਜ ਦੇ ਪਟਿਆਲਾ ਸਥਿਤ ਆਰਮੀ ਭਰਤੀ ਡਾਇਰੈਕਟਰ ਕਰਨਲ ਆਰ.ਆਰ. ਚੰਦੇਲ ਨੇ ਦੱਸਿਆ ਕਿ ਆਰਮੀ ਭਰਤੀ ਦੇ ਡਾਇਰੈਕਟਰ ਜਨਰਲ, ਰੱਖਿਆ ਮੰਤਰਾਲਾ ਵੱਲੋਂ ਭਰਤੀ ਰੈਲੀ ‘ਚ ਫਿਜ਼ੀਕਲ ਟੈਸਟ ਪਾਸ ਕਰ ਚੁੱਕੇ ਉਮੀਦਵਾਰਾਂ ਦਾ ਲਿਖਤੀ ਇਮਤਿਹਾਨ 25 ਜੁਲਾਈ ਨੂੰ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਲੈਣਾ ਨਿਰਧਾਰਤ ਕੀਤਾ ਗਿਆ ਸੀ ਪਰ ਆਰਮੀ ਹੈੱਡਕੁਆਰਟਰ ਤੋਂ ਪ੍ਰਾਪਤ ਹੋਏ ਦਿਸ਼ਾ ਨਿਰਦੇਸ਼ਾਂ ਤਹਿਤ ਕੋਵਿਡ-19 ਤੇ ਦੇਸ਼ ਦੇ ਵੱਖ-ਵੱਖ ਖੇਤਰਾਂ ‘ਚ ਬਰਸਾਤਾਂ ਕਾਰਨ ਬਣੀ ਹੜ੍ਹਾਂ ਦੀ ਸਥਿਤੀ ਕਾਰਨ ਇਸ ਨੂੰ ਅਗਲੇ ਹੁਕਮਾਂ ਤਕ ਮੁਲਤਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਇਹ ਇਮਤਿਹਾਨ ਮੁੜ ਲੈਣਾ ਨਿਰਧਾਰਤ ਹੋਇਆ ਤਾਂ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਵੇਗਾ।

Punjab