ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਐਮਪੀਜ਼ ਘਰੇ ਹੀ ਰਹਿਣ : ਬਲਾਂਸ਼ੇ

ਓਟਵਾ: ਬਲਾਕ ਕਿਊਬਿਕੁਆ ਆਗੂ ਯਵੇਸ ਫਰੈਂਕੌਇਸ ਬਲਾਂਸ਼ੇ ਨੇ ਬੁੱਧਵਾਰ ਨੂੰ ਆਖਿਆ ਕਿ ਪਾਰਲੀਆਮੈਂਟ ਦਾ ਅਗਲਾ ਸੈਸ਼ਨ ਸਾਰੇ ਮੈਂਬਰਾਂ ਦੀ ਨਿਜੀ ਹਾਜ਼ਰੀ ਵਿੱਚ ਹੋਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਜਿਨ੍ਹਾਂ ਮੈਂਬਰਾਂ ਨੇ ਕੋਵਿਡ-19 ਸਬੰਧੀ ਪੂਰਾ ਟੀਕਾਕਰਣ ਨਹੀਂ ਕਰਵਾਇਆ ਉਨ੍ਹਾਂ ਨੂੰ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਅਗਲੇ ਮਹੀਨੇ ਕਰਨਗੇ ਤੇ ਪਾਰਲੀਆਮੈਂਟ ਦੀ ਕਾਰਵਾਈ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋਵੇਗੀ। ਮਾਰਚ 2020 ਤੋਂ ਮਹਾਂਮਾਰੀ ਦਾ ਪ੍ਰਕੋਪ ਵੱਧਣ ਨਾਲ ਹਾਊਸ ਆਫ ਕਾਮਨਜ਼ ਤੇ ਕਮੇਟੀਜ਼, ਓਟਵਾ ਤੋਂ ਕੁੱਝ ਐਮਪੀਜ਼ ਨਾਲ ਹੀ ਬੁੱਤਾ ਸਾਰ ਰਹੀਆਂ ਹਨ। ਕਈ ਥਾਂਵਾਂ ਉੱਤੇ ਕੰਮ ਵਰਚੂਅਲੀ ਹੀ ਚੱਲ ਰਿਹਾ ਹੈ।
ਬਲਾਂਸ਼ੇ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਪਾਰਲੀਆਮੈਂਟ ਦੀ ਕਾਰਵਾਈ ਜਲਦੀ ਸੁ਼ਰੂ ਹੋਵੇ ਤੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਐਮਪੀਜ਼ ਇਨ ਪਰਸਨ ਇਸ ਦੀ ਕਾਰਵਾਈ ਵਿੱਚ ਹਿੱਸਾ ਲੈਣ।ਉਨ੍ਹਾਂ ਆਖਿਆ ਕਿ ਹੁਣ ਤੱਕ ਤਾਂ ਸਾਰੇ ਐਮਪੀਜ਼ ਦੀ ਵੈਕਸੀਨੇਸ਼ਨ ਹੋ ਜਾਣੀ ਚਾਹੀਦੀ ਸੀ ਕਿਉਂਕਿ ਇਹ ਵੱਡੀ ਮਾਤਰਾ ਵਿੱਚ ਉਪਲਬਧ ਹੈ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਦੀ ਪਾਰਟੀ, ਐਨਡੀਪੀ ਤੇ ਲਿਬਰਲਾਂ ਵੱਲੋਂ ਇਹ ਨਿਯਮ ਬਣਾਇਆ ਗਿਆ ਸੀ ਕਿ ਕੋਈ ਵੀ ਉਮੀਦਵਾਰ ਵੈਕਸੀਨੇਸ਼ਨ ਕਰਵਾਏ ਬਿਨਾਂ ਵੋਟਾਂ ਮੰਗਣ ਨਹੀਂ ਜਾਵੇਗਾ ਪਰ ਕੰਜ਼ਰਵੇਟਿਵਾਂ ਨੇ ਅਜਿਹਾ ਕੁੱਝ ਨਹੀਂ ਕੀਤਾ।
ਬਲਾਂਸ਼ੇ ਨੇ ਆਖਿਆ ਕਿ ਹੁਣ ਪਾਰਲੀਆਮੈਂਟ ਦੀ ਕਾਰਵਾਈ ਸ਼ੁਰੂ ਹੋਣ ਸਮੇਂ ਜਾਂ ਤਾਂ ਐਮਪੀਜ਼ ਪੂਰੀ ਤਰ੍ਹਾਂ ਵੈਕਸੀਨੇਟ ਹੋਣ ਜਾਂ ਫਿਰ ਘਰੇ ਹੀ ਰਹਿਣ।ਇਸ ਉੱਤੇ ਲਿਬਰਲਾਂ, ਐਨਡੀਪੀ ਤੇ ਕੰਜ਼ਰਵੇਟਿਵਜ਼ ਨੇ ਅਜੇ ਕੋਈ ਟਿੱਪਣੀ ਨਹੀਂ ਕੀਤੀ।