ਨਵਜੋਤ ਸਿੰਘ ਸਿੱਧੂ ਦਾ ਨਵਾਂ ਟਵੀਟ, ਲਿਖਿਆ- ਅਹੁਦਾ ਰਹੇ ਜਾਂ ਨਾ ਰਹੇ ਰਾਹੁਲ ਤੇ ਪ੍ਰਿਅੰਕਾ ਗਾਂਧੀ ਨਾਲ ਹਮੇਸ਼ਾ ਖੜ੍ਹਾ ਰਹਾਂਗਾ

ਚੰਡੀਗੜ੍ਹ : ਮਹਾਤਮਾ ਗਾਂਧੀ ਤੇ ਲਾਲ ਬਹਾਦੁਰ ਸ਼ਾਸਤਰੀ ਜੈਅੰਤੀ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇ ਕਿਹਾ ਕਿ ਉਹ ਗਾਂਧੀ ਜੀ ਤੇ ਸ਼ਾਸਤਰੀ ਜੀ ਦੇ ਸਿਧਾਂਤਾਂ ਨੂੰ ਕਾਇਮ ਰੱਖਣਗੇ। ਆਪਣੇ ਟਵੀਟ ‘ਚ ਉਨ੍ਹਾਂ ਰਾਹੁਲ ਗਾਂਧੀ ਤੇ ਪ੍ਰਿਅੰਕਾਂ ਗਾਂਧੀ ਨੂੰ ਵੀ ਟੈਗ ਕੀਤਾ ਹੈ। ਉਨ੍ਹਾਂ ਲਿਖਿਆ ਕਿ ਪੋਸਟ ਰਹੇ ਜਾਂ ਨਾ, ਉਹ ਰਾਹੁਲ ਗਾਂਧੀ ਤੇ ਪ੍ਰਿਅੰਕਾਂ ਗਾਂਧੀ ਦੇ ਨਾਲ ਖੜ੍ਹੇ ਰਹਿਣਗੇ।

ਨਵਜੋਤ ਸਿੰਘ ਸਿੱਧੂ ਨੇ ਲਿਖਿਆ ਕਿ ਬੇਸ਼ੱਕ ਸਾਰੀਆਂ ਨਕਾਰਾਤਮਕ ਤਾਕਤਾਂ ਉਨ੍ਹਾਂ ਨੂੰ ਹਰਾਉਣ ਦਾ ਯਤਨ ਕਰਨ ਪਰ ਸਕਾਰਾਤਮਕ ਊਰਜਾ ਨਾਲ ਹਰ ਪਾਸਿਓਂ ਪੰਜਾਬ ਨੂੰ ਜਿੱਤ ਮਿਲੇਗੀ। ਪੰਜਾਬੀਅਤ ਤੇ ਪੰਜਾਬੀ ਦੀ ਜਿੱਤ ਹੋਵੇਗੀ। ਦੱਸ਼ ਦੇਈਏ, ਨਵਜੋਤ ਸਿੰਘ ਸਿੱਧੂ ਨੇ ਪੈਟਨ ਅਮਰਿੰਦਰ ਸਿੰਘ ਦੇ ਵਿਰੋਧ ਦੇ ਬਾਵਜੂਦ ਇਸੇ ਸਾਲ 25 ਜੁਲਾਈ ਨੂੰ ਪੰਜਾਬ ਕਾਂਗਰਸ ਪ੍ਰਧਾਨ ਅਹੁਦੇ ਦੀ ਜ਼ਿੰਮੇਵਾਰੀ ਲਈ ਸੀ। ਇਸ ਦੌਰਾਨ ਉਹ ਤਤਕਾਲੀ ਸੀਐੱਮ ਕੈਪਟਨ ਅਮਰਿੰਦਰ ਸਿੰਘ ਉੱਪਰ ਲਗਾਤਾਰ ਹਮਲਾਵਰ ਰਹੇ।

ਨਵਜੋਤ ਸਿੰਘ ਸਿੱਧੂ ਸੰਗਠਨ ‘ਚ ਆਪਣਾ ਵੱਕਾਰ ਕਾਇਮ ਕਰਨ ਵਿਚ ਸਫਲ ਰਹੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸੀਐੱਮ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ। ਇਸ ਤੋਂ ਬਾਅਦ ਸਿੱਧੂ ਨੂੰ ਉਮੀਦ ਸੀ ਕਿ ਉਨ੍ਹਾਂ ਨੂੰ ਸੀਐੱਮ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਪਰ ਦੌੜ ਵਿਚ ਸਿੱਧੂ ਸਭ ਤੋਂ ਪਿੱਛੇ ਰਹੇ। ਹਾਈ ਕਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਅਹੁਦੇ ਨਾਲ ਨਿਵਾਜਿਆ।

ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਮੰਤਰੀ ਮੰਡਲ ਦਾ ਗਠਨ ਕੀਤਾ ਤੇ ਕਾਰਜਕਾਰੀ ਡੀਜੀਪੀ ਤੇ ਐਡਵੋਕੇਟ ਜਨਰਲ ਦੇ ਅਹੁਦੇ ‘ਤੇ ਨਿਯੁਕਤੀ ਕੀਤੀ। ਨਵਜੋਤ ਸਿੰਘ ਸਿੱਧੂ ਇਸ ਗੱਲ ਤੋਂ ਨਾਰਾਜ਼ ਹੋ ਗਏ ਕਿ ਡੀਜੀਪੀ ਦੀ ਨਿਯੁਕਤੀ ਤੇ ਏਜੀ ਦੀ ਨਿਯੁਕਤੀ ‘ਚ ਉਨ੍ਹਾਂ ਦੇ ਸੁਝਾਅ ਦੀ ਅਣਦੇਖੀ ਕੀਤੀ ਗਈ। ਇਸ ਤਹਿਤ ਮੰਤਰੀਮੰਡਲ ਗਠਨ ‘ਚ ਵੀ ਉਨ੍ਹਾਂ ਦੇ ਸੁਝਾਵਾਂ ਦੀ ਅਣਦੇਖੀ ਕੀਤੀ ਗਈ। ਇਸ ਤੋਂ ਭੜਕੇ ਨਵਜੋਤ ਸਿੰਘ ਸਿੱਧੂ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਨਵਜੋਤ ਸਿੱਧੂ ਦਾ ਅਸਤੀਫ਼ਾ ਹਾਲੇ ਵੀ ਹਾਈ ਕਮਾਨ ਕੋਲ ਲੰਬਿਤ ਹੈ।