ਯੂਪੀ ਪੁਲੀਸ ਨੇ ਉਪ ਮੁੱਖ ਮੰਤਰੀ ਰੰਧਾਵਾ ਨੂੰ ਹਿਰਾਸਤ ਵਿੱਚ ਲਿਆ

ਚੰਡੀਗੜ੍ਹ

ਯੂਪੀ ਪੁਲੀਸ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਛੇ ਵਿਧਾਇਕਾਂ ਸਮੇਤ ਜਬਰੀ ਹਿਰਾਸਤ ਵਿੱਚ ਲੈ ਲਿਆ। ਯੂਪੀ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਨੇ ਉੱਪ ਮੁੱਖ ਮੰਤਰੀ ਰੰਧਾਵਾ ਦੀ ਗ੍ਰਿਫ਼ਤਾਰੀ ਮਗਰੋਂ ਸ਼ਾਹਜਹਾਂਪੁਰ ਦੀ ਪੁਲੀਸ ਚੌਕੀ ਅੱਗੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਸਰਕਾਰ ਨੇ ਅੱਜ ਉੱਤਰ ਪ੍ਰਦੇਸ਼ ਸਰਕਾਰ ਨੂੰ ਪੱਤਰ ਲਿਖ ਕੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਯੂਪੀ ਵਿਚਲੇ ਪੀੜਤ ਕਿਸਾਨ ਪਰਿਵਾਰਾਂ ਦੇ ਘਰਾਂ ਦਾ ਦੌਰਾ ਕਰਨ ਦੀ ਪ੍ਰਵਾਨਗੀ ਮੰਗੀ ਸੀ ਪ੍ਰੰਤੂ ਯੂਪੀ ਸਰਕਾਰ ਨੇ ਇਸ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਸਰਕਾਰ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਲਖਨਊ ਹਵਾਈ ਅੱਡੇ ’ਤੇ ਉੱਤਰਨ ਦੀ ਪ੍ਰਵਾਨਗੀ ਨਹੀਂ ਦਿੱਤੀ। ਇੱਥੋਂ ਤੱਕ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਆਖ ਦਿੱਤਾ ਕਿ ਪੰਜਾਬ ਵਿੱਚੋਂ ਕਿਸੇ ਨੂੰ ਯੂਪੀ ਆਉਣ ਦੀ ਆਗਿਆ ਨਾ ਦਿੱਤੀ ਜਾਵੇ। ਜਦੋਂ ਉੱਤਰ ਪ੍ਰਦੇਸ਼ ਸਰਕਾਰ ਨੇ ਸਭ ਰਸਤੇ ਬੰਦ ਕਰ ਦਿੱਤੇ ਤਾਂ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਛੇ ਕਾਂਗਰਸੀ ਵਿਧਾਇਕ ਯੂਪੀ ਲਈ ਸੜਕੀ ਰਸਤੇ ਰਵਾਨਾ ਹੋ ਗਏ। ਪੰਜਾਬ ਸਰਕਾਰ ਦੀ ਇਹ ਟੀਮ ਲੰਘੇ ਕੱਲ੍ਹ ਲਖੀਮਪੁਰ ਖੀਰੀ ਵਿੱਚ ਵਾਪਰੇ ਕਾਂਡ ਦੇ ਪੀੜਤ ਪਰਿਵਾਰਾਂ ਦਾ ਦੁੱਖ ਵੰਡਾਉਣ ਲਈ ਅੱਜ ਰਵਾਨਾ ਹੋਈ ਸੀ। ਜਦੋਂ ਯਮੁਨਾਨਗਰ ਤੋਂ ਉਪ ਮੁੱਖ ਮੰਤਰੀ ਰੰਧਾਵਾ ਸਹਾਰਨਪੁਰ ਪੁੱਜੇ ਤਾਂ ਉੱਤਰ ਪ੍ਰਦੇਸ਼ ਦੀ ਸੀਮਾ ’ਤੇ ਉਨ੍ਹਾਂ ਨੂੰ ਰੋਕ ਲਿਆ। ਜਦੋਂ ਕਾਂਗਰਸੀ ਆਗੂਆਂ ਨੇ ਪੁਲੀਸ ਦੀ ਧੱਕੇਸ਼ਾਹੀ ਦਾ ਵਿਰੋਧ ਕੀਤਾ ਤਾਂ ਪੁਲੀਸ ਨੇ ਉਨ੍ਹਾਂ ਨਾਲ ਖਿੱਚ-ਧੂਹ ਕੀਤੀ। ਰੰਧਾਵਾ ਦੇ ਨਾਲ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਹੋਰਨਾਂ ਵਿਧਾਇਕਾਂ ਕੁਲਬੀਰ ਸਿੰਘ ਜ਼ੀਰਾ, ਬਰਿੰਦਰਮੀਤ ਸਿੰਘ ਪਾਹੜਾ, ਕੁਲਦੀਪ ਸਿੰਘ ਵੈਦ, ਪਰਮਿੰਦਰ ਸਿੰਘ ਪਿੰਕੀ ਤੇ ਅੰਗਦ ਸਿੰਘ ਵੀ ਸਨ। ਉੱਤਰ ਪ੍ਰਦੇਸ਼ ਪੁਲੀਸ ਸਾਰੇ ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਸਹਾਰਨਪੁਰ ਇਲਾਕੇ ਦੇ ਥਾਣੇ ਲੈ ਗਈ ਜਿੱਥੇ ਉੱਪ ਮੁੱਖ ਮੰਤਰੀ ਰੰਧਾਵਾ ਅਤੇ ਸਾਥੀਆਂ ਨੇ ਥਾਣੇ ਵਿੱਚ ਹੀ ਧਰਨਾ ਮਾਰ ਦਿੱਤਾ ਅਤੇ ਸਥਾਨਕ ਵਰਕਰਾਂ ਨੇ ਰੰਧਾਵਾ ਦਾ ਸਾਥ ਦਿੱਤਾ। ਪੱਛਮੀ ਯੂਪੀ ਦੀ ਕਾਂਗਰਸ ਇਕਾਈ ਨੇ ਟਵੀਟ ਕਰਕੇ ਕਿਹਾ ਕਿ ਯੂਪੀ ਦੀ ਪੁਲੀਸ ਨੇ ਦੂਸਰੇ ਰਾਜ ਦੇ ਬਜ਼ੁਰਗ ਉੱਪ ਮੁੱਖ ਮੰਤਰੀ ਨੂੰ ਜਬਰਦਸਤੀ ਹਿਰਾਸਤ ਵਿੱਚ ਲਿਆ ਹੈ, ਇਹ ਯੂਪੀ ਦਾ ਢਕੌਸਲਾ ਲੋਕ ਰਾਜ ਹੈ। ਅੱਜ ਉੱਤਰ ਪ੍ਰਦੇਸ਼ ਲਈ ਰਵਾਨਾ ਹੋਣ ਤੋਂ ਪਹਿਲਾਂ ਰੰਧਾਵਾ ਨੇ ਕਿਹਾ ਕਿ ਉਹ ਨਿੱਜੀ ਤੌਰ ’ਤੇ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣਗੇ ਅਤੇ ਉੱਥੇ ਮੌਜੂਦਾ ਸਥਿਤੀ ਬਾਰੇ ਅਸਲ ਜਾਣਕਾਰੀ ਹਾਸਲ ਕਰਨਗੇ। ਉੱਪ ਮੁੱਖ ਮੰਤਰੀ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

ਉੱਤਰ ਪ੍ਰਦੇਸ਼ ਸਰਕਾਰ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੀ ਲਖੀਮਪੁਰ ਖੀਰੀ ਦੀ ਤਜਵੀਜ਼ਤ ਫੇਰੀ ਦੇ ਮੱਦੇਨਜ਼ਰ ਲਖਨਊ ਹਵਾਈ ਅੱਡੇ ਨੂੰ ਇਨ੍ਹਾਂ ਦੋਵਾਂ ਆਗੂਆਂ ਦੇ ਜਹਾਜ਼ਾਂ ਨੂੰ ਲੈਂਡਿੰਗ ਲਈ ਹਰੀ ਝੰਡੀ ਨਾ ਦਿੱਤੇ ਜਾਣ ਦੀ ਵਿਸ਼ੇਸ਼ ਹਦਾਇਤ ਕੀਤੀ ਸੀ। ਮੁੱਖ ਮੰਤਰੀ ਬਘੇਲ ਨੇ ਯੋਗੀ ਸਰਕਾਰ ਦੇ ਇਸ ਫੈਸਲੇ ਲਈ ਸੂਬਾ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕੀ ਯੂਪੀ ਵਿੱਚ ਨਾਗਰਿਕ ਹੱਕਾਂ ’ਤੇ ਕਿਸੇ ਤਰ੍ਹਾਂ ਦੀ ਰੋਕ ਹੈ। ਬਘੇਲ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ ਵਿੱਚ ਦਾਖ਼ਲ ਨਾ ਹੋਣ ਲਈ ਮੈਨੂੰ ‘ਫਰਮਾਨ’ ਜਾਰੀ ਕੀਤਾ ਹੈ। ਕੀ ਯੂਪੀ ਵਿੱਚ ਨਾਗਰਿਕ ਹੱਕਾਂ ’ਤੇ ਕੋਈ ਰੋਕ ਲੱਗੀ ਹੋਈ ਹੈ? ਜੇਕਰ ਲਖੀਮਪੁਰ ’ਚ ਧਾਰਾ 144 ਲਾਗੂ ਹੈ ਤਾਂ ਫਿਰ ਤਾਨਾਸ਼ਾਹ ਸਰਕਾਰ ਮੈਨੂੰ ਲਖਨਊ ਉਤਰਨ ਤੋਂ ਕਿਉਂ ਰੋਕ ਰਹੀ ਹੈ।’’