ਚੰਡੀਗੜ੍ਹ
ਲਖੀਮਪੁਰ ਖੀਰੀ ਹਿੰਸਾ ਖ਼ਿਲਾਫ਼ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਅੱਜ ਸੂਬੇ ਭਰ ਵਿੱਚ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਅੱਗੇ ਰੋਸ ਮੁਜ਼ਾਹਰੇ ਕੀਤੇ ਅਤੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪੇ। ਇਸ ਦੌਰਾਨ ਸੰਘਰਸ਼ੀ ਅਖਾੜਿਆਂ ਤੋਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਜ਼ਿਲ੍ਹਾ ਪੱਧਰੀ ਪ੍ਰਦਰਸ਼ਨਾਂ ਸਮੇਤ ਕਿਸਾਨਾਂ ਅਤੇ ਮਜ਼ਦੂਰਾਂ ਨੇ ਪੰਜਾਬ ਦੇ ਛੋਟੇ ਕਸਬਿਆਂ ਅਤੇ ਪਿੰਡਾਂ ਵਿੱਚ ਵੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ।
ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰੀ ਮੰਤਰੀ ਦੇ ਪੁੱਤਰ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਗੱਡੀ ਚੜ੍ਹਾ ਦਿੱਤੀ ਪਰ ਸ਼ਹੀਦ ਕਿਸਾਨਾਂ ਲਈ ਸਰਕਾਰ ਦੇ ਮੂੰਹੋਂ ਹਮਦਰਦੀ ਦੇ ਚਾਰ ਸ਼ਬਦ ਨਹੀਂ ਸਰੇ।
ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ, ਬਲਬੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਧਨੇਰ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਐਡਵੋਕੇਟ ਪ੍ਰੇਮ ਸਿੰਘ ਭੰਗੂ ਅਤੇ ਜੰਗਬੀਰ ਸਿੰਘ ਚੌਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਪੂਰੀ ਤਰ੍ਹਾਂ ਬੌਖਲਾ ਗਈ ਹੈ ਅਤ ਉਸ ਨੂੰ ਕਿਸਾਨ ਅੰਦੋਲਨ ਦਾ ਕੋਈ ਤੋੜ ਨਹੀਂ ਲੱਭ ਰਿਹਾ। ਉਨ੍ਹਾਂ ਦੱਸਿਆ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ ਦੇ 16 ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਗਏ। ਆਗੂਆਂ ਨੇ ਮੰਗ ਕੀਤੀ ਕਿ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਅਤੇ ਉਸ ਖ਼ਿਲਾਫ਼ ਹਿੰਸਾ ਭੜਕਾਉਣ ਤੇ ਫਿਰਕੂ ਨਫ਼ਰਤ ਫੈਲਾਉਣ ਦਾ ਕੇਸ ਦਰਜ ਕਰਕੇ ਮੰਤਰੀ ਦੇ ਪੁੱਤਰ ਅਸੀਸ ਮਿਸ਼ਰਾ ‘ਮੋਨੀ’ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਇਸੇ ਦੌਰਾਨ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਲਖੀਮਪੁਰ ਖੀਰੀ ’ਚ ਵਾਪਰੀ ਘਟਨਾ ਖ਼ਿਲਾਫ਼ ਸੂਬੇ ਭਰ ’ਚ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦਾ ਘਿਰਾਓ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਦੇ ਨਾਮ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਕਿਸਾਨ ਆਗੂਆਂ ਨੇ ਹਰਿਆਣਾ ਦੇ ਹਿਸਾਰ, ਕਰਨਾਲ, ਅੰਬਾਲਾ, ਕੈਥਲ, ਚੀਕਾ, ਕੁਰੂਕਸ਼ੇਤਰ, ਜੀਂਦ, ਭਿਵਾਨੀ, ਯਮੂਨਾਨਗਰ, ਸਿਰਸਾ ਸਣੇ ਹੋਰਨਾਂ ਸੂਬਿਆਂ ’ਚ ਮਿੰਨੀ ਸਕੱਤਰੇਤ ਮੂਹਰੇ ਰੋਸ ਪ੍ਰਦਰਸ਼ਨ ਕੀਤੇ। ਹਰਿਆਣਾ ਕਾਂਗਰਸ ਨੇ ਵੀ ਲਖੀਮਪੁਰ ਖੀਰੀ ’ਚ ਵਾਰੀ ਘਟਨਾ ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਬਿਆਨ ਖ਼ਿਲਾਫ਼ ਸੂਬੇ ਭਰ ’ਚ ਰੋਸ ਮੁਜ਼ਾਹਰੇ ਕੀਤੇ। ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਭਾਜਪਾ ਦੇਸ਼ ’ਚ ਤਾਨਾਸ਼ਾਹ ਰਵੱਈਆ ਅਪਣਾ ਰਹੀ ਹੈ। ਜਿਸ ਵੱਲੋਂ ਲਖੀਮਪੁਰ ’ਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਰੋਕਿਆ ਜਾ ਰਿਹਾ ਹੈ।
ਸਿੰਘੂ ਮੋਰਚੇ ’ਤੇ ਕਿਸਾਨਾਂ ਨੇ ਮੌਨ ਮਾਰਚ ਕੱਢਿਆ
ਨਵੀਂ ਦਿੱਲੀ (ਪੱਤਰ ਪ੍ਰੇਰਕ): ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਲੰਘੇ ਕੱਲ੍ਹ ਕਿਸਾਨਾਂ ਉੱਪਰ ਗੱਡੀਆਂ ਚੜ੍ਹਾਉਣ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਸਿੰਘੂ ਬਾਰਡਰ ਉੱਪਰ ਮੌਨ ਮਾਰਚ ਕੱਢਿਆ ਗਿਆ। ਮਾਰਚ ਵਿੱਚ ਸੀਨੀਅਰ ਕਿਸਾਨ ਆਗੂਆਂ ਤੋਂ ਇਲਾਵਾ ਇਲਾਕੇ ਦੇ ਕਿਸਾਨ ਸ਼ਾਮਲ ਹੋਏ। ਮਾਰਚ ਕੇਐੱਫਸੀ ਤੋਂ ਸ਼ੁਰੂ ਹੋਇਆ ਤੇ ਸਿੰਘੂ ਬਾਰਡਰ ਦੇ ਮੁੱਖ ਮੰਚ ਤੱਕ ਪਹੁੰਚਿਆ। ਇਸ ਮਗਰੋਂ ਕਿਸਾਨ ਆਗੂਆਂ ਨੇ ਭਖ਼ਵੀਆਂ ਤਕਰੀਰਾਂ ਕੀਤੀਆਂ ਤੇ ਲਖੀਮਪੁਰ ਖੀਰੀ ਦੀ ਘਟਨਾ ਨੂੰ ਭਾਜਪਾ ਦੀਆਂ ਚੂਲ਼ਾਂ ਹਿਲਾਉਣ ਵਾਲਾ ਕਰਾਰ ਦਿੱਤਾ। ਜਗਜੀਤ ਸਿੰਘ ਡੱਲੇਵਾਲ, ਕੰਵਲਜੀਤ ਸਿੰਘ ਤੇ ਹੋਰ ਆਗੂਆਂ ਨੇ ਉੱਤਰ ਪ੍ਰਦੇਸ਼ ਸਰਕਾਰ ਤੇ ਕੇਂਦਰ ਸਰਕਾਰ ਦੀ ਸਖ਼ਤ ਨਿੰਦਾ ਕੀਤੀ। ਕਿਸਾਨ ਆਗੂ ਜਗਮੋਹਨ ਸਿੰਘ ਤੇ ਕਿਰਨਜੀਤ ਸਿੰਘ ਸੇਖੋਂ ਨੇ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਵਾਪਰੀਆਂ ਘਟਨਾਵਾਂ ਲਈ ਕੇਂਦਰੀ ਰਾਜ ਮੰਤਰੀ ਦਾ ਪੁੱਤਰ ਤੇ ਸਾਥੀ ਜ਼ਿੰਮੇਵਾਰ ਹਨ। ਮੋਨ ਮਾਰਚ ਦੌਰਾਨ ਕਿਸਾਨਾਂ ਨੇ ਹੱਥਾਂ ਵਿੱਚ ਕਾਲੇ ਝੰਡੇ ਫੜ ਕੇ ਸ਼ਮੂਲੀਅਤ ਕੀਤੀ ਤੇ ਆਪਣਾ ਰੋਸ ਪ੍ਰਗਟਾਇਆ।
ਅੰਮ੍ਰਿਤਸਰ (ਟਨਸ): ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਅੱਜ ਦੇਰ ਸ਼ਾਮ ਇਥੇ ਜੱਲ੍ਹਿਆਂਵਾਲਾ ਬਾਗ਼ ਤੱਕ ਮੋਮਬੱਤੀ ਮਾਰਚ ਕੱਢਣ ਮਗਰੋਂ ਸ਼ਹੀਦੀ ਸਮਾਰਕ ਅੱਗੇ ਮੋਮਬੱਤੀਆਂ ਬਾਲ ਕੇ ਲਖੀਮਪੁਰ ਖੀਰੀ ਹਿੰਸਾ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਕਾਂਗਰਸ ਕਿਸਾਨਾਂ ਦਾ ਸਮਰਥਨ ਜਾਰੀ ਰੱਖੇਗੀ। ਗੁਰਜੀਤ ਸਿੰਘ ਔਜਲਾ ਨੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ’ਤੇ ਗੋਲੀਆਂ ਚਲਾਉਣ ਅਤੇ ਉਨ੍ਹਾਂ ਨੂੰ ਵਾਹਨਾਂ ਹੇਠ ਕੁਚਲਣ ਦੀ ਤੁਲਨਾ ਜਨਰਲ ਡਾਇਰ ਵੱਲੋਂ ਜੱਲ੍ਹਿਆਂਵਾਲਾ ਬਾਗ ਵਿੱਚ ਕੀਤੀ ਗਈ ਕਾਰਵਾਈ ਨਾਲ ਕੀਤੀ। ਇਸ ਮੌਕੇ ਸਾਬਕਾ ਮੰਤਰੀ ਜੁਗਲ ਕਿਸ਼ੋਰ ਸ਼ਰਮਾ, ਕੌਂਸਲਰ ਰਾਜਕੰਵਲਪ੍ਰੀਤਪਾਲ ਸਿੰਘ ਲੱਕੀ, ਵਿਕਾਸ ਸੋਨੀ ਤੇ ਹੋਰ ਹਾਜ਼ਰ ਸਨ।
ਚੰਡੀਗੜ੍ਹ (ਟਨਸ): ਚੰਡੀਗੜ੍ਹ ’ਚ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਬੁੱਧੀਜੀਵੀਆਂ, ਲੇਖਕਾਂ, ਵਿਦਿਆਰਥੀਆਂ ਅਤੇ ਕਿਸਾਨਾਂ ਨੇ ਸੈਕਟਰ 17 ’ਚ ਸਥਿਤ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਜਿਨ੍ਹਾਂ ਨੂੰ ਚੰਡੀਗੜ੍ਹ ਪੁਲੀਸ ਨੇ ਰੋਕਿਆ, ਜਿਸ ਦਾ ਸਮਾਜਿਕ ਕਾਰਕੁਨਾਂ ਨੇ ਵਿਰੋਧ ਕੀਤਾ। ਪੁਲੀਸ ਨੇ ਅੱਧਾ ਦਰਜਨ ਦੇ ਕਰੀਬ ਕਿਸਾਨਾਂ ਨੂੰ ਘਸੀਟਦਿਆਂ ਹਿਰਾਸਤ ’ਚ ਲੈ ਕੇ ਬੱਸ ਵਿੱਚ ਬਿਠਾ ਲਿਆ। ਕਿਸਾਨ ਪੁਲੀਸ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਬੱਸ ਅੱਗੇ ਹੀ ਸੜਕ ’ਤੇ ਬੈਠ ਗਏ। ਇਸ ਦੌਰਾਨ ਹਾਲਾਤ ਤਣਾਅ ਵਾਲੇ ਬਣ ਗਏ। ਅਖੀਰ ਧਰਨਾਕਾਰੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨਾ ਦਿੱਤਾ। ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਹ ਪ੍ਰਦਰਸ਼ਨ ਸਵੇਰੇ 10 ਸਵੇਰ ਸ਼ੁਰੂ ਹੋ ਕੇ ਦੁਪਹਿਰ 1 ਵਜੇ ਰਾਸ਼ਟਰਪਤੀ ਦੇ ਨਾਂ ਏਡੀਸੀ ਕੇ ਪੀ ਐੱਸ ਮਾਹੀ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਖਤਮ ਹੋਇਆ। ਇਸ ਮੌਕੇ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਮਨਜੀਤ ਸਿੰਘ, ਡਾ. ਪਿਆਰਾ ਲਾਲ ਗਰਗ, ਐਡਵੋਕੇਟ ਪ੍ਰੇਮ ਸਿੰਘ ਭੰਗੂ, ਦੇਵੀ ਦਿਆਲ ਸ਼ਰਮਾ, ਡਾ. ਅਰੀਤ, ਡਾ. ਕੰਵਲਜੀਤ ਕੌਰ ਢਿੱਲੋਂ, ਬਾਬਾ ਸਾਧੂ ਸਿੰਘ, ਬਾਬਾ ਗੁਰਦਿਆਲ ਸਿੰਘ, ਜੋਗਿੰਦਰ ਸਿੰਘ, ਕਿਰਪਾਲ ਸਿੰਘ ਸੈਣੀ, ਵਿਦਿਆਰਥੀ ਆਗੂ ਅਮਨ ਨੇ ਲਖੀਮਪੁਰ ਖੀਰੀ ’ਚ ਵਾਪਰੀ ਘਟਨਾ ਦੀ ਨਿੰਦਾ ਕੀਤੀ।
ਚੰਡੀਗੜ੍ਹ: ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈ਼ਸਰ ਏਕੇ ਮਲੇਰੀ, ਜਨਰਲ ਸਕੱਤਰ ਪ੍ਰੋਫੈ਼ਸਰ ਜਗਮੋਹਣ ਸਿੰਘ ਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਲਖੀਮਪੁਰ ਖੀਰੀ ਵਿੱਚ ਆਰਐੱਸਐੱਸ-ਭਾਜਪਾ ਦੇ ਗੁੰਡਿਆਂ ਵੱਲੋਂ ਅੰਦੋਲਕਾਰੀ ਕਿਸਾਨਾਂ ਉੱਪਰ ਗੱਡੀਆਂ ਚੜ੍ਹਾ ਕੇ ਕਿਸਾਨਾਂ ਅਤੇ ਸਾਧਨਾ ਨਿਊਜ਼ ਚੈਨਲ ਦੇ ਪੱਤਰਕਾਰ ਰਮਨ ਕਸ਼ਿਅਪ ਦੀ ਹੱਤਿਆ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਭਾਜਪਾ ਵਰਕਰ ਇਸ ਘਟਨਾ ਵਿੱਚ ਮਾਰੇ ਗਏ ਉਹ ਦਰਅਸਲ ਕਿਸਾਨਾਂ ਨੂੰ ਕੁਚਲ ਕੇ ਗੱਡੀ ਭਜਾ ਕੇ ਲਿਜਾ ਰਹੇ ਸਨ, ਜਿਨ੍ਹਾਂ ਦੀ ਮੌਤ ਤੇਜ਼ ਰਫ਼ਤਾਰ ਗੱਡੀ ਬੇਕਾਬੂ ਹੋ ਕੇ ਪਲਟਣ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਹੱਤਿਆ ਕਾਂਡ ਆਰਐੱਸਐੱਸ-ਭਾਜਪਾ ਦੀ ਕਿਸਾਨ ਅੰਦੋਲਨ ਨੂੰ ਤੋੜਣ ਦੀ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ। ਇਸੇ ਸਾਜ਼ਿਸ਼ ਤਹਿਤ ਹੀ ਮਨੋਹਰ ਲਾਲ ਖੱਟਰ ਤੇ ਅਜੈ ਮਿਸ਼ਰਾ ਵਰਗੇ ਭਾਜਪਾ ਆਗੂ ਕਿਸਾਨਾਂ ਦੇ ਸੰਘਰਸ਼ ਦੇ ਜਮਹੂਰੀ ਹੱਕ ਨੂੰ ਕੁਚਲਣ ਲਈ ਖੁੱਲ੍ਹੇਆਮ ਹਿੰਸਕ ਮਾਹੌਲ ਸਿਰਜ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਕਾਂਡ ਲਈ ਜ਼ਿੰਮੇਵਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ, ਉਸ ਦੇ ਲੜਕੇ ਅਭੈ ਮਿਸ਼ਰਾ ਮੋਨੂ ਅਤੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ।
ਅੰਬਾਲਾ (ਨਿੱਜੀ ਪੱਤਰ ਪੇ੍ਰਕ): ਲਖੀਮਪੁਰ ਖੀਰੀ ਘਟਨਾ ਖ਼ਿਲਾਫ਼ ਕਿਸਾਨਾਂ, ਕਾਂਗਰਸੀਆਂ ਅਤੇ ਐੱਚਡੀਐੱਫ ਵਰਕਰਾਂ ਨੇ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਯੋਗੀ ਦੇ ਪੁਤਲੇ ਫੂਕੇ। ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ’ਤੇ ਅਮਲ ਕਰਦਿਆਂ ਅੰਬਾਲਾ ਦੇ ਕਿਸਾਨ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਦੀ ਅਗਵਾਈ ਹੇਠ ਅਨਾਜ ਮੰਡੀ ਵਿੱਚ ਇਕੱਠੇ ਹੋਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਦੀ ਡੀਸੀ ਦਫ਼ਤਰ ਤੱਕ ਅੰਤਿਮ ਯਾਤਰਾ ਕੱਢੀ। ਕਿਸਾਨਾਂ ਨੇ ਜਿੱਥੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਉੱਥੇ ਸ਼ਹੀਦ ਹੋਣ ਵਾਲੇ ਕਿਸਾਨਾਂ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਕਰਦਿਆਂ ਵੀ ਨਾਅਰੇ ਲਾਏ। ਇਸੇ ਤਰ੍ਹਾਂ ਕਾਂਗਰਸੀਆਂ ਨੇ ਵੀ ਪ੍ਰਦੇਸ਼ ਪ੍ਰਧਾਨ ਬੀਬੀ ਸ਼ੈਲਜਾ ਦੇ ਨਿਰਦੇਸ਼ਾਂ ਅਨੁਸਾਰ ਸ਼ਹਿਰ ਦੇ ਕਚਹਿਰੀ ਚੌਕ ਵਿੱਚ ਪ੍ਰਦੇਸ਼ ਵਿੱਤ ਸਕੱਤਰ ਐਡਵੋਕੇਟ ਰੋਹਿਤ ਜੈਨ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਅਤੇ ਮੁੱਖ ਮੰਤਰੀ ਮਨੋਹਰ ਲਾਲ ਤੇ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁਤਲੇ ਫੂਕੇ।