India Olympic Diary : ਮੁੱਕੇਬਾਜ਼ੀ ਮੁਹਿੰਮ ਦੀ ਸ਼ੁਰੂਆਤ ਕਰਨਗੇ ਵਿਕਾਸ ਕ੍ਰਿਸ਼ਣਨ

India Olympic Diary : ਮੁੱਕੇਬਾਜ਼ੀ ਮੁਹਿੰਮ ਦੀ ਸ਼ੁਰੂਆਤ ਕਰਨਗੇ ਵਿਕਾਸ ਕ੍ਰਿਸ਼ਣਨ

ਟੋਕੀਓ : ਤਜਰਬੇਕਾਰ ਵਿਕਾਸ ਕ੍ਰਿਸ਼ਣਨ (69 ਕਿਲੋਗ੍ਰਾਮ) ਸ਼ਨਿਚਰਵਾਰ ਨੂੰ ਇੱਥੇ ਸਥਾਨਕ ਮੁੱਖ ਦਾਅਵੇਦਾਰ ਸੇਵੋਨਰੇਟਸ ਕਵਿੰਕੀ ਮੇਨਸਾਹ ਓਕਾਜਾਵਾ ਖ਼ਿਲਾਫ਼ ਭਾਰਤ ਦੀ ਮੁੱਕੇਬਾਜ਼ੀ ‘ਚ ਓਲੰਪਿਕ ਮੁਹਿੰਮ ਦੀ ਸ਼ੁਰੂਆਤ ਕਰਨਗੇ। ਵਿਕਾਸ ਮੁੱਕੇਬਾਜ਼ੀ ਮੁਕਾਬਲਿਆਂ ਦੇ ਸ਼ੁਰੂਆਤੀ ਦਿਨ ਰਿੰਗ ਵਿਚ ਉਤਰਨ ਵਾਲੇ ਇੱਕੋ ਇਕ ਭਾਰਤੀ ਮੁੱਕੇਬਾਜ਼ ਹੋਣਗੇ ਤੇ ਇਸੇ ਕਾਰਨ ਉਨ੍ਹਾਂ ਨੇ ਉਦਘਾਟਨੀ ਸਮਾਗਮ ਵਿਚ ਨਾ ਜਾਣ ਦਾ ਫ਼ੈਸਲਾ ਕੀਤਾ। ਭਾਰਤੀ ਮੁੱਕੇਬਾਜ਼ਾਂ ਨੂੰ ਮੈਡਲ ਗੇੜ ਤਕ ਪੁੱਜਣ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। 29 ਸਾਲਾ ਵਿਕਾਸ ਆਪਣੇ ਤੀਜੇ ਤੇ ਸ਼ਾਇਦ ਆਖ਼ਰੀ ਓਲੰਪਿਕ ਵਿਚ ਮੈਡਲ ਜਿੱਤਣ ਲਈ ਬੇਤਾਬ ਹੋਣਗੇ। ਉਨ੍ਹਾਂ ਨੇ ਸਾਰੀਆਂ ਅੰਤਰਰਾਸ਼ਟਰੀ ਚੈਂਪੀਅਨਸ਼ਿਪਾਂ ਵਿਚ ਮੈਡਲ ਜਿੱਤੇ ਹਨ ਜਿਸ ਵਿਚ ਵਿਸ਼ਵ ਚੈਂਪੀਅਨਸ਼ਿਪ ਮੈਡਲ ਵੀ ਸ਼ਾਮਲ ਹੈ। ਜੇ ਹਰਿਆਣਾ ਦਾ ਮੁੱਕੇਬਾਜ਼ ਪਹਿਲੇ ਗੇੜ ਦੇ ਇਸ ਅੜਿੱਕੇ ਨੂੰ ਪਾਰ ਕਰ ਲੈਂਦਾ ਹੈ ਤਾਂ ਰਾਊਂਡ-16 ਵਿਚ ਉਨ੍ਹਾਂ ਦਾ ਸਾਹਮਣਾ ਕਿਊਬਾ ਦੇ ਤੀਜਾ ਦਰਜਾ ਰੋਨੀਅਲ ਇਗਲੇਸਿਆਸ ਨਾਲ ਹੋਵੇਗਾ ਜੋ 2012 ਓਲੰਪਿਕ ਦੇ ਗੋਲਡ ਮੈਡਲ ਜੇਤੂ ਤੇ ਸਾਬਕਾ ਵਿਸ਼ਵ ਚੈਂਪੀਅਨ ਹਨ।

ਟੋਕੀਓ : ਭਾਰਤੀ ਟੈਨਿਸ ਖਿਡਾਰੀਆਂ ਨੂੰ ਟੋਕੀਓ ਓਲੰਪਿਕ ਵਿਚ ਮੈਡਲ ਗੇੜ ਦੇ ਨੇੜੇ ਜਾਣ ਲਈ ਸ਼ਾਨਦਾਰ ਪ੍ਰਦਰਸ਼ਨ ਕਰਨਾ ਪਵੇਗਾ ਕਿਉਂਕਿ ਸਾਨੀਆ ਮਿਰਜ਼ਾ ਤੇ ਓਲੰਪਿਕ ਵਿਚ ਸ਼ੁਰੂਆਤ ਕਰ ਰਹੀ ਅਿੰਕਤਾ ਰੈਨਾ ਨੂੰ ਯੂਕਰੇਨ ਦੀ ਟੀਮ ਦੇ ਰੂਪ ਵਿਚ ਸਖ਼ਤ ਚੁਣੌਤੀ ਮਿਲੀ ਹੈ ਜਦਕਿ ਸਿੰਗਲਜ਼ ਵਰਗ ਵਿਚ ਸੁਮਿਤ ਨਾਗਲ ਦਾ ਰਾਹ ਵੀ ਸੌਖਾ ਨਹੀਂ ਹੈ। ਰਿਕਾਰਡ ਚੌਥਾ ਓਲੰਪਿਕ ਖੇਡ ਰਹੀ ਸਾਨੀਆ ਤੇ ਪਹਿਲੀ ਵਾਰ ਉਤਰੀ ਰੈਨਾ ਨੇ ਇਸ ਸਾਲ ਇਕ ਵੀ ਪ੍ਰਤੀਯੋਗੀ ਮੈਚ ਨਹੀਂ ਖੇਡਿਆ ਹੈ। ਖੇਡਾਂ ਦੇ ਮਹਾ ਸੰਗਰਾਮ ਲਈ ਉਨ੍ਹਾਂ ਦੀ ਤਿਆਰੀ ਕਿਸੇ ਲਿਹਾਜ਼ ਨਾਲ ਪੁਖ਼ਤਾ ਨਹੀਂ ਕਹੀ ਜਾ ਸਕਦੀ। ਪਿਛਲੀ ਵਾਰ ਦੋਵੇਂ ਮਾਰਚ 2020 ਵਿਚ ਬਿਲੀ ਜੀਨ ਕਿੰਗ ਕੱਪ ਵਿਚ ਇਕੱਠੀਆਂ ਖੇਡੀਆਂ ਸਨ। ਉਨ੍ਹਾਂ ਦਾ ਸਾਹਮਣਾ ਪਹਿਲੇ ਗੇੜ ਵਿਚ ਯੂਕਰੇਨ ਦੀ ਨਾਦੀਆ ਤੇ ਯੁਡਮਾਇਲਾ ਕਿਚੇਨੋਕ ਭੈਣਾਂ ਨਾਲ ਹੋਵੇਗਾ। ਮਰਦ ਸਿੰਗਲਜ਼ ਵਿਚ ਨਾਗਲ ਕਿਸਮਤ ਵਾਲੇ ਰਹੇ ਹਨ ਕਿ ਉਨ੍ਹਾਂ ਨੂੰ ਓਲੰਪਿਕ ਖੇਡਣ ਦਾ ਮੌਕਾ ਮਿਲਿਆ ਹੈ। ਨਾਗਲ ਪਿਛਲੇ ਦਿਨੀਂ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ ਪਰ ਸੈਸ਼ਨ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਦੁਨੀਆ ਦੇ 22ਵੇਂ ਨੰਬਰ ਦੇ ਖਿਡਾਰੀ ਕ੍ਰਿਸਟੀਅਨ ਗਾਰਿਨ ਨੂੰ ਹਰਾ ਕੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ ਤੋਂ ਉਹ ਸਿਰਫ਼ ਦੋ ਚੈਲੰਜਰ ਪੱਧਰ ਦੇ ਕੁਆਰਟਰ ਫਾਈਨਲ ਖੇਡ ਸਕੇ ਹਨ। ਉਨ੍ਹਾਂ ਦਾ ਸਾਹਮਣਾ ਪਹਿਲੇ ਗੇੜ ਵਿਚ ਏਸ਼ਿਆਈ ਖੇਡਾਂ ਦੇ ਚੈਂਪੀਅਨ ਉਜ਼ਬੇਕਿਸਤਾਨ ਦੇ ਡੇਨਿਸ ਇਸਤੋਮਿਨ ਨਾਲ ਹੋਵੇਗਾ।

ਨਵੀਂ ਦਿੱਲੀ : ਭਾਰਤੀ ਮਹਿਲਾ ਹਾਕੀ ਟੀਮ ਕੋਲ ਓਲੰਪਿਕ ਵਿਚ ਕੋਈ ਮਾਣ ਕਰਨ ਵਾਲਾ ਇਤਿਹਾਸ ਨਹੀਂ ਹੈ ਤੇ 36 ਸਾਲ ਬਾਅਦ ਰੀਓ ਓਲੰਪਿਕ ਵਿਚ ਉਤਰਨ ਤੋਂ ਬਾਅਦ ਇਕ ਵੀ ਮੈਚ ਨਾ ਜਿੱਤ ਸਕਣ ਦਾ ਦਰਦ ਟੋਕੀਓ ਵਿਚ ਯਾਦਗਾਰ ਪ੍ਰਦਰਸ਼ਨ ਨਾਲ ਭੁਲਾਉਣਾ ਚਾਹੇਗੀ ਹਾਲਾਂਕਿ ਪਹਿਲੇ ਹੀ ਕਦਮ ‘ਤੇ ਉਸ ਨੂੰ ਦੁਨੀਆ ਦੀ ਨੰਬਰ ਇਕ ਟੀਮ ਨੀਦਰੈਲੈਂਡ ਦਾ ਸਾਹਮਣਾ ਕਰਨਾ ਹੈ। ਲਗਾਤਾਰ ਦੂਜੀ ਵਾਰ ਓਲੰਪਿਕ ਵਿਚ ਥਾਂ ਬਣਾਉਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਨੇ ਪਿਛਲੇ ਕੁਝ ਸਮੇਂ ਵਿਚ ਆਪਣੇ ਚੰਗੇ ਪ੍ਰਦਰਸ਼ਨ ਨਾਲ ਉਮੀਦਾਂ ਜਗਾਈਆਂ ਹਨ। ਐੱਫਆਈਐੱਚ ਰੈਂਕਿੰਗ ਵਿਚ 10ਵੇਂ ਸਥਾਨ ‘ਤੇ ਕਾਬਜ ਰਾਣੀ ਰਾਮਪਾਲ ਦੀ ਟੀਮ ਦਾ ਪਹਿਲਾ ਟੀਚਾ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਹੋਵੇਗਾ।

ਆਪਣੀ ਸ਼ੁਰੂਆਤ ਨੂੰ ਯਾਦਗਾਰ ਬਣਾਉਣਾ ਚਾਹੁਣਗੇ ਪ੍ਰਣੀਤ

ਟੋਕੀਓ : ਭਾਰਤੀ ਬੈਡਮਿੰਟਨ ਖਿਡਾਰੀ ਬੀ ਸਾਈ ਪ੍ਰਣੀਤ ਓਲੰਪਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੁਣਗੇ ਜੋ ਆਪਣੀ ਮੁਹਿੰਮ ਸ਼ਨਿਚਰਵਾਰ ਨੂੰ ਇਜ਼ਰਾਈਲ ਦੇ ਦੇ ਮਿਸ਼ਾ ਜਿਲਬਰਮੈਨ ਖ਼ਿਲਾਫ਼ ਸ਼ੁਰੂ ਕਰਨਗੇ। ਇਸ ਤੋਂ ਇਲਾਵਾ ਪ੍ਰਣੀਤ ਤੇ ਚਿਰਾਗ ਸ਼ੈੱਟੀ ਤੇ ਸਾਤਵਿਕਸਾਈਰਾਜ ਰੈਂਕੀ ਰੈੱਡੀ ਦੀ ਮਰਦ ਜੋੜੀ ਵੀ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਗਰੁੱਪ-ਡੀ ਵਿਚ ਸਿਖਰ ‘ਤੇ ਰਹਿਣ ਲਈ 13ਵਾਂ ਦਰਜਾ ਪ੍ਰਣੀਤ ਨੂੰ ਨਦੀਰਲੈਂਡ ਦੇ ਮਾਰਕ ਕਾਲਜੋਊ ਨੂੰ ਹਰਾਉਣਾ ਪਵੇਗਾ ਤੇ ਫਿਰ ਉਹ ਗਰੁੱਪ-ਸੀ ਦੇ ਜੇਤੂ ਨਾਲ ਭਿੜਨਗੇ। ਮਰਦ ਡਬਲਜ਼ ਵਿਚ ਚਿਰਾਗ ਤੇ ਸਾਤਵਿਕ ਨੂੰ ਮੁਸ਼ਕਲ ਡਰਾਅ ਮਿਲਿਆ ਹੈ ਜਿਨ੍ਹਾਂ ਨੂੰ ਸ਼ਨਿਚਰਵਾਰ ਨੂੰ ਚੀਨੀ ਤਾਇਪੇ ਦੇ ਲੀ ਯਾਂਗ ਤੇ ਵਾਂਗ ਚੀ ਲਿਨ ਦੀ ਤੀਜਾ ਦਰਜਾ ਜੋੜੀ ਨਾਲ ਭਿੜਨਾ ਹੈ। ਉਨ੍ਹਾਂ ਨੂੰ ਗਰੁੱਪ ਗੇੜ ਵਿਚ ਇੰਡੋਨੇਸ਼ੀਆ ਦੀ ਸਿਖਰਲਾ ਦਰਜਾ ਜੋੜੀ ਤੇ ਇੰਗਲੈਂਡ ਦੀ 18ਵਾਂ ਦਰਜਾ ਜੋੜੀ ਨਾਲ ਭਿੜਨਾ ਹੈ। ਡਬਲਜ਼ ਵਿਚ ਗਰੁੱਪ ਦੀਆਂ ਦੋ ਚੋਟੀ ਦੀਆਂ ਟੀਮਾਂ ਕੁਆਰਟਰ ਫਾਈਨਲ ਤਕ ਪੁੱਜਣਗੀਆਂ।

ਰੀਓ ਦਾ ਦੁੱਖ ਦੂਰ ਕਰਨਾ ਚਾਹੁਣਗੇ ਨਿਸ਼ਾਨੇਬਾਜ਼

ਟੋਕੀਓ : ਰੀਓ ਓਲੰਪਿਕ ਵਿਚ ਨਾਕਾਮੀ ਤੋਂ ਬਾਅਦ ਤੋਂ ਲਗਾਤਾਰ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰ ਰਹੇ ਭਾਰਤੀ ਨਿਸ਼ਾਨੇਬਾਜ਼ ਟੋਕੀਓ ਵਿਚ ਮੈਡਲਾਂ ਨਾਲ ਉਸ ਦੁੱਖ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨਗੇ ਤੇ ਇਸ ਵਾਰ ਭਾਰਤੀ ਟੀਮ ਤੋਂ ਇਕ ਜਾਂ ਦੋ ਨਹੀਂ ਬਲਕਿ ਚਾਰ ਮੈਡਲਾਂ ਦੀ ਉਮੀਦ ਹੈ। ਉਂਝ ਤਾਂ ਭਾਰਤ ਦੇ 15 ਨਿਸ਼ਾਨੇਬਾਜ਼ਾਂ ਵਿਚੋਂ ਸਾਰੇ ਮੈਡਲ ਜਿੱਤਣ ਦੇ ਯੋਗ ਹਨ ਪਰ ਕੁਝ ਨੂੰ ਸਭ ਤੋਂ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਇਸ ਵਿਚੋਂ ਇਕ ਸੌਰਭ ਚੌਧਰੀ ਹਨ ਜਿਨ੍ਹਾਂ ਦਾ ਸਾਹਮਣਾ ਓਲੰਪਿਕ ਤੇ ਵਿਸ਼ਵ ਚੈਂਪੀਅਨਾਂ ਨਾਲ ਹੋਣਾ ਹੈ। ਪਹਿਲੇ ਦਿਨ ਮਰਦਾਂ ਦੀ 10 ਮੀਟਰ ਏਅਰ ਪਿਸਟਲ ਵਿਚ ਚੌਧਰੀ ਤੇ ਅਭਿਸ਼ੇਕ ਵਰਮਾ ਭਾਰਤ ਦੀ ਚੁਣੌਤੀ ਪੇਸ਼ ਕਰਨਗੇ। ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਵਿਚ ਸ਼ਨਿਚਵਾਰ ਨੂੰ ਅਪੂਰਵੀ ਚੰਦੇਲਾ ਤੇ ਇਲਾਵੇਨਿਲ ਵਲਾਰਿਵਾਨ ਦੀ ਤਕਦੀਰ ਦਾ ਵੀ ਫ਼ੈਸਲਾ ਹੋਵੇਗਾ। ਭਾਰਤ ਕੋਲ ਇਹ ਮੈਡਲਾਂ ਦਾ ਖ਼ਾਤਾ ਖੋਲ੍ਹਣ ਦਾ ਵੀ ਮੌਕਾ ਰਹੇਗਾ।

ਇਤਿਹਾਸ ਰਚਣਾ ਚਾਹੇਗੀ ਮੀਰਾਬਾਈ

ਟੋਕੀਓ : ਸਾਬਕਾ ਵਿਸ਼ਵ ਚੈਂਪੀਅਨ ਮੀਰਾਬਾਈ ਚਾਨੂੰ ਤੋਂ ਇੱਥੇ ਟੋਕੀਓ ਓਲੰਪਿਕ ਵਿਚ ਮੈਡਲ ਜਿੱਤਣ ਦੀ ਉਮੀਦ ਹੈ ਤੇ ਇਹ ਭਾਰਤੀ ਵੀ ਰੀਓ ਓਲੰਪਿਕ ਦੇ ਨਿਰਾਸ਼ਾਜਨਕ ਪ੍ਰਦਰਸਨ ਨੂੰ ਭੁਲਾ ਕੇ ਇਤਿਹਾਸ ਰਚਣਾ ਚਾਹੇਗੀ। ਚਾਨੂ ਭਾਰਤ ਲਈ 49 ਕਿਲੋਗ੍ਰਾਮ ਵਿਚ ਮੈਡਲ ਦੀ ਦਾਅਵੇਦਾਰ ਮੰਨੀ ਜਾ ਰਹੀ ਹੈ ਕਿਉਂਕਿ ਅੱਠ ਮਹਿਲਾ ਵੇਟਲਿਫਟਰਾਂ ਵਿਚ ਉਨ੍ਹਾਂ ਦਾ 205 ਕਿਲੋਗ੍ਰਾਮ ਦਾ ਨਿੱਜੀ ਸਰਬੋਤਮ ਪ੍ਰਦਰਸ਼ਨ ਸਿਰਫ਼ ਚੀਨ ਦੀ ਹੋਊ ਜਿਹੂਈ ਦੇ 213 ਕਿਲੋਗ੍ਰਾਮ ਤੋਂ ਬਾਅਦ ਦੂਜੇ ਨੰਬਰ ‘ਤੇ ਹੈ। ਮਨੀਪੁਰ ਦੀ ਇਹ ਵੇਟਲਿਫਟਰ ਇਸ ਵਾਰ ਯਕੀਨੀ ਤੌਰ ‘ਤੇ ਇਤਿਹਾਸ ਰਚਣਾ ਚਾਹੇਗੀ ਜਿਸ ਵਿਚ ਮੈਡਲ ਸ਼ਾਮਲ ਹੋਵੇ। ਰਾਸ਼ਟਰੀ ਕੋਚ ਵਿਜੇ ਸ਼ਰਮਾ ਨੇ ਕਿਹਾ ਕਿ ਸਾਡੇ ਵਿਰੋਧੀ ਚੀਨ, ਅਮਰੀਕਾ ਤੇ ਇੰਡੋਨੇਸ਼ੀਆ ਤੋਂ ਹਨ।

Sports