ਟੋਕੀਓ ਓਲੰਪਿਕ : ਪਹਿਲੇ ਦਿਨ ਮਹਿਲਾ ਤੀਰਅੰਦਾਜ਼ੀ ਰੈਂਕਿੰਗ ਗੇੜ ‘ਚ ਨੌਵੇਂ ਸਥਾਨ ‘ਤੇ ਰਹੀ ਦੀਪਿਕਾ

ਟੋਕੀਓ ਓਲੰਪਿਕ : ਪਹਿਲੇ ਦਿਨ ਮਹਿਲਾ ਤੀਰਅੰਦਾਜ਼ੀ ਰੈਂਕਿੰਗ ਗੇੜ ‘ਚ ਨੌਵੇਂ ਸਥਾਨ ‘ਤੇ ਰਹੀ ਦੀਪਿਕਾ

ਟੋਕੀਓ : ਭਾਰਤ ਨੇ ਟੋਕੀਓ ਓਲੰਪਿਕ ਵਿਚ ਸ਼ੁੱਕਰਵਾਰ ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਦ ਮੈਡਲ ਦੀ ਉਮੀਦ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਮਹਿਲਾ ਨਿੱਜੀ ਰੈਂਕਿੰਗ ਗੇੜ ਵਿਚ ਨੌਵੇਂ ਸਥਾਨ ‘ਤੇ ਰਹੀ ਤੇ ਹੁਣ ਉਨ੍ਹਾਂ ਨੂੰ ਮੁੱਖ ਮੁਕਾਬਲੇ ਦੇ ਪਹਿਲੇ ਗੇੜ ਵਿਚ ਆਸਾਨ ਵਿਰੋਧੀ ਮਿਲਿਆ ਹੈ। ਯੁਮੇਨੋਸ਼ਿਮਾ ਪਾਰਕ ‘ਤੇ ਹੋਏ ਮੁਕਾਬਲੇ ਵਿਚ ਦੁਨੀਆ ਦੀ ਨੰਬਰ ਇਕ ਤੀਰਅੰਦਾਜ਼ ਦੀਪਿਕਾ ਨੇ 663 ਸਕੋਰ ਕੀਤਾ ਜਿਸ ਵਿਚ ਪਹਿਲੇ ਅੱਧ ਵਿਚ 334 ਤੇ ਦੂਜੇ ਅੱਧ ਵਿਚ 329 ਸਕੋਰ ਰਿਹਾ। ਉਨ੍ਹਾਂ ਨੇ 72 ਨਿਸ਼ਾਨਿਆਂ ਵਿਚੋਂ 30 ਵਾਰ ਪਰਫੈਕਟ 10 ਸਕੋਰ ਕੀਤਾ। ਦੀਪਿਕਾ ਦਾ ਸਾਹਮਣਾ ਹੁਣ ਦੁਨੀਆ ਦੀ 193ਵੇਂ ਨੰਬਰ ਦੀ ਤੀਰਅੰਦਾਜ਼ ਭੂਟਾਨ ਦੀ ਕਰਮਾ ਨਾਲ ਹੋਵੇਗਾ ਜੋ ਰੈਂਕਿੰਗ ਗੇੜ ਵਿਚ 56ਵੇਂ ਸਥਾਨ ‘ਤੇ ਰਹੀ। ਪਹਿਲੇ ਤਿੰਨ ਸਥਾਨਾਂ ‘ਤੇ ਕੋਰੀਆਈ ਤੀਰਅੰਦਾਜ਼ਾ ਦਾ ਦਬਦਬਾ ਰਿਹਾ। ਕੋਰੀਆ ਦੀ 20 ਸਾਲ ਦੀ ਅਨ ਸਾਨ 680 ਦੇ ਸਕੋਰ ਨਾਲ ਚੋਟੀ ‘ਤੇ ਰਹੀ ਜੋ ਓਲੰਪਿਕ ਰਿਕਾਰਡ ਵੀ ਹੈ। ਇਸ ਤੋਂ ਪਹਿਲਾਂ ਓਲੰਪਿਕ ਰਿਕਾਰਡ 673 ਦਾ ਸੀ ਜਦਕਿ ਵਿਸ਼ਵ ਰਿਕਾਰਡ 692 ਦਾ ਹੈ ਜੋ ਕਾਂਗ ਚੇਈ ਵੋਂਗ ਦੇ ਨਾਂ ਹੈ। ਕੁਆਰਟਰ ਫਾਈਨਲ ਵਿਚ ਦੀਪਿਕਾ ਦੀ ਟੱਕਰ ਅਨ ਸਾਨ ਨਾਲ ਹੋ ਸਕਦੀ ਹੈ। ਟੋਕੀਓ ਟੈਸਟ ਟੂਰਨਾਮੈਂਟ 2019 ‘ਚ ਦੀਪਿਕਾ ਨੂੰ ਹਰਾਉਣ ਵਾਲੀ ਅਨ ਸਾਨ ਨੇ 36 ਵਾਰ 10 ਸਕੋਰ ਕੀਤਾ। ਜਾਂਗ ਮਿਨਹੀ 677 ਅੰਕਾਂ ਨਾਲ ਦੂਜੇ ਤੇ ਕਾਂਗ ਚੇਈ ਵੋਂਗ 675 ਅੰਕ ਲੈ ਕੇ ਤੀਜੇ ਸਥਾਨ ‘ਤੇ ਰਹੀ। ਏਲੀਮਿਨੇਸ਼ਨ ਗੇੜ ਦੇ ਮੁਕਾਬਲੇ 27 ਜੁਲਾਈ ਨੂੰ ਖੇਡੇ ਜਾਣਗੇ। ਰੈਂਕਿੰਗ ਗੇੜ ਤੋਂ ਏਲੀਮਿਨੇਸ਼ਨ ਗੇੜ ਦਾ ਦਰਜਾ ਤੈਅ ਹੁੰਦਾ ਹੈ ਤੇ ਵਿਰੋਧੀ ਵੀ ਤੈਅ ਹੁੰਦਾ ਹੈ। ਤੀਰਅੰਦਾਜ਼ਾਂ ਨੂੰ 70 ਮੀਟਰ ਦੀ ਦੂਰੀ ਤੋਂ ਨਿਸ਼ਾਨਾ ਲਾਉਣ ਲਈ ਤੀਰ ਦਿੱਤੇ ਜਾਂਦੇ ਹਨ। ਉਨ੍ਹਾਂ ਨੂੰ ਛੇ-ਛੇ ਤੀਰਾਂ ਦੀਆਂ 12 ਸੀਰੀਜ਼ ਵਿਚ ਨਿਸ਼ਾਨਾ ਲਾਉਣਾ ਪੈਂਦਾ ਹੈ।

ਮਰਦ ਟੀਮ ਤੇ ਮਿਕਸਡ ਡਬਲਜ਼ ਨੌਵੇਂ ਸਥਾਨ ‘ਤੇ :

ਸ਼ੁਰੂਆਤ ਕਰ ਰਹੇ ਪ੍ਰਵੀਣ ਜਾਧਵ ਤਜਰਬੇਕਾਰ ਤੀਰਅੰਦਾਜ਼ ਅਤਾਨੂ ਦਾਸ ਤੇ ਤਰੁਣਦੀਪ ਰਾਇ ਤੋਂ ਅੱਗੇ ਰਹੇ ਜਿਸ ਨਾਲ ਭਾਰਤ ਨੇ ਮਰਦ ਤੇ ਮਿਕਸਡ ਟੀਮ ਰੈਂਕਿੰਗ ਵਿਚ ਨੌਵਾਂ ਸਥਾਨ ਹਾਸਲ ਕੀਤਾ। ਤੀਰਅੰਦਾਜ਼ੀ ਵਿਚ ਦੇਸ਼ ਨੂੰ ਪਹਿਲਾ ਓਲੰਪਿਕ ਮੈਡਲ ਦਿਵਾਉਣ ਦੀ ਕੋਸ਼ਿਸ਼ ਵਿਚ ਰੁੱਝੇ ਭਾਰਤੀਆਂ ਨੂੰ ਅੱਗੇ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਜਿਸ ਵਿਚ ਮਰਦ ਤੇ ਮਿਕਸਡ ਡਬਲਜ਼ ਜੋੜੀ ਦੇ ਕੁਆਰਟਰ ਫਾਈਨਲ ਵਿਚ ਕੋਰੀਆ ਨਾਲ ਭਿੜਨ ਦੀ ਸੰਭਾਵਨਾ ਹੈ। ਭਾਰਤੀ ਮਿਕਸਡ ਟੀਮ ਆਪਣੀ ਮੁਹਿੰਮ ਅੱਠਵੀਂ ਰੈਂਕਿੰਗ ਦੀ ਚੀਨੀ ਤਾਇਪੇ ਜੋੜੀ ਖ਼ਿਲਾਫ਼ ਕਰੇਗੀ ਤੇ ਜੇ ਉਹ ਪਹਿਲੇ ਗੇੜ ਦਾ ਅੜਿੱਕਾ ਪਾਰ ਕਰ ਲੈਂਦੇ ਹਨ ਤਾਂ ਆਖ਼ਰੀ-ਅੱਠ ਵਿਚ ਉਨ੍ਹਾਂ ਦਾ ਸਾਹਮਣਾ ਸਿਖਰਲਾ ਦਰਜਾ ਕੋਰੀਆ ਨਾਲ ਹੋਵੇਗਾ। ਇਸੇ ਤਰ੍ਹਾਂ ਭਾਰਤੀ ਮਰਦ ਟੀਮ ਜੇ ਸ਼ੁਰੂਆਤੀ ਗੇੜ ਵਿਚ ਅੱਠਵਾਂ ਦਰਜਾ ਕਜ਼ਾਕਿਸਤਾਨ ਨੂੰ ਹਰਾ ਦਿੰਦੀ ਹੈ ਤਾਂ ਉਹ ਵੀ ਸਿਖਰਲਾ ਦਰਜਾ ਕੋਰੀਆ ਦੇ ਸਾਹਮਣੇ ਹੋ ਸਕਦੀ ਹੈ ਜਿਸ ਨੂੰ ਕੁਆਰਟਰ ਫਾਈਨਲ ਲਈ ਬਾਈ ਮਿਲੀ ਹੈ।

ਚੋਟੀ ਦੇ 30 ‘ਚੋਂ ਬਾਹਰ :

ਨਿੱਜੀ ਰੈਂਕਿੰਗ ਵਿਚ ਸਾਰੇ ਤਿੰਨ ਭਾਰਤੀ ਮਰਦ ਤੀਰਅੰਦਾਜ਼ ਟਾਪ-30 ‘ਚੋਂ ਬਾਹਰ ਰਹੇ। ਪਰ ਜਾਧਵ ਇਸ ਵਿਚ ਦਾਸ (35ਵੇਂ ਸਥਾਨ) ਤੋਂ ਅੱਗੇ 31ਵੇਂ ਸਥਾਨ ‘ਤੇ ਰਹੇ। ਜਾਧਵ ਤੇ ਦਾਸ ਦਾ ਸਕੋਰ ਬਰਾਬਰ 329 ਸੀ ਪਰ ਮਹਾਰਾਸ਼ਟਰ ਦਾ ਤੀਰਅੰਦਾਜ਼ ਆਖ਼ਰੀ ਛੇ ਸੈੱਟ ਵਿਚ ਉਨ੍ਹਾਂ ਤੋਂ ਅੱਗੇ ਨਿਕਲ ਗਿਆ ਤੇ ਉਸ ਨੇ 720 ਵਿਚੋਂ 656 ਅੰਕ ਹਾਸਲ ਕੀਤੇ। ਏਸ਼ਿਆਈ ਖੇਡਾਂ ਦੇ ਸਾਬਕਾ ਸਿਲਵਰ ਮੈਡਲ ਜੇਤੂ ਰਾਏ ਆਪਣਾ ਤੀਜਾ ਓਲੰਪਿਕ ਖੇਡ ਰਹੇ ਹਨ, ਉਹ 64 ਤੀਰਅੰਦਾਜ਼ਾਂ ਵਿਚੋਂ 37ਵੇਂ ਸਥਾਨ ‘ਤੇ ਰਹੇ।

ਮਿਕਸਡ ਟੀਮ ‘ਚ ਦਾਸ ਨਾਲ ਹੀ ਉਤਰੇਗੀ ਦੀਪਿਕਾ :

ਜਾਧਵ ਦੇ ਅੰਕ ਤੇ ਮਹਿਲਾ ਮੁਕਾਬਲੇ ਵਿਚ ਦੀਪਿਕਾ ਦੇ ਅੰਕ ਨੂੰ ਦੇਖਦੇ ਹੋਏ ਭਾਰਤ ਨੂੰ ਮਿਕਸਡ ਟੀਮ ਮੁਕਾਬਲੇ ਵਿਚ ਨੌਵੀਂ ਰੈਂਕਿੰਗ ਮਿਲੀ ਜਿਸ ਵਿਚ ਦੇਸ਼ ਨੂੰ ਮੈਡਲ ਦੀ ਉਮੀਦ ਲੱਗੀ ਹੋਈ ਹੈ। ਭਾਰਤੀਆਂ ਵਿਚ ਜਾਧਵ ਦੇ ਸਰਬੋਤਮ ਪ੍ਰਦਰਸ਼ਨ ਦੇ ਬਾਵਜੂਦ ਭਾਰਤ ਦੀਪਿਕਾ ਤੇ ਦਾਸ ਦੀ ਮਜ਼ਬੂਤ ਜੋੜੀ ਨੂੰ ਹੀ ਮਿਕਸਡ ਡਬਲਜ਼ ਮੁਕਾਬਲੇ ਵਿਚ ਉਤਾਰੇਗਾ ਜੋ ਸ਼ਨਿਚਰਵਾਰ ਨੂੰ ਇੱਥੇ ਓਲੰਪਿਕ ਵਿਚ ਸ਼ੁਰੂਆਤ ਕਰੇਗੀ। ਮਰਦ ਤਿਕੜੀ ਦਾ ਮਿਲਾ ਕੇ ਪ੍ਰਦਰਸ਼ਨ ਟਾਪ-10 ਵਿਚ ਪਹੁੰਚਾਉਣ ਲਈ ਕਾਫੀ ਨਹੀਂ ਰਿਹਾ ਸੀ ਕਿਉਂਕਿ ਉਨ੍ਹਾਂ ਨੇ ਕੁੱਲ 1961 ਅੰਕ ਬਣਾਏ ਜਿਸ ਨਾਲ ਉਹ ਨੌਵੇਂ ਸਥਾਨ ‘ਤੇ ਰਹੇ। ਮਰਦ ਟੀਮ ਲੰਡਨ 2012 ਤੋਂ ਬਾਅਦ ਪਹਿਲਾ ਓਲੰਪਿਕ ਖੇਡ ਰਹੀ ਹੈ। ਮਰਦ ਟੀਮ 2016 ਰੀਓ ਓਲੰਪਿਕ ਵਿਚ ਕੁਆਲੀਫਾਈ ਨਹੀਂ ਕਰ ਸਕੀ ਸੀ ਤੇ ਦਾਸ ਨਿੱਜੀ ਵਰਗ ਵਿਚ ਇੱਕੋ ਇਕ ਮਰਦ ਪ੍ਰਤੀਯੋਗੀ ਸਨ।

Sports