ਵੈਂਕਈਆ ਦੀ ਅਰੁਣਾਚਲ ਫੇਰੀ ’ਤੇ ਚੀਨ ਨੂੰ ਇਤਰਾਜ਼

New Delhi: Union Parliamentary Affairs Minister M Venkaiah Naidu during a press conference at his residence in New Delhi on Tuesday. PTI Photo by Shahbaz Khan(PTI7_21_2015_000306B)

ਨਵੀਂ ਦਿੱਲੀ

ਭਾਰਤ ਨੇ ਚੀਨ ਵੱਲੋਂ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਦੇ ਅਰੁਣਾਚਲ ਪ੍ਰਦੇਸ਼ ਦੌਰੇ ’ਤੇ ਜਤਾਏ ਇਤਰਾਜ਼ ਖਾਰਜ ਕੀਤੇ ਹਨ। ਭਾਰਤ ਨੇ ਕਿਹਾ ਕਿ ਸੂਬਾ ਦੇਸ਼ ਦਾ ‘ਅਟੁੱਟ ਹਿੱਸਾ ਤੇ ਇਸ ਨੂੰ ਕਦੇ ਵੀ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ।’ ਦੱਸਣਯੋਗ ਹੈ ਕਿ ਚੀਨ ਨੇ ਅੱਜ ਕਿਹਾ ਹੈ ਕਿ ਉਹ ਸੂਬੇ ਦਾ ਭਾਰਤੀ ਆਗੂਆਂ ਵੱਲੋਂ ਦੌਰਾ ਕਰਨ ਦਾ ਵਿਰੋਧ ਕਰਦਾ ਹੈ ਕਿਉਂਕਿ ਉਨ੍ਹਾਂ ਕਦੇ ਵੀ ਅਰੁਣਾਚਲ ਨੂੰ ਮਾਨਤਾ ਨਹੀਂ ਦਿੱਤੀ। ਚੀਨ ਇਸ ਤੋਂ ਪਹਿਲਾਂ ਵੀ ਭਾਰਤੀ ਆਗੂਆਂ ਵੱਲੋਂ ਅਰੁਣਾਚਲ ਦਾ ਦੌਰਾ ਕਰਨ ’ਤੇ ਇਤਰਾਜ਼ ਜ਼ਾਹਿਰ ਕਰ ਚੁੱਕਾ ਹੈ। ਚੀਨ ਦਾਅਵਾ ਕਰਦਾ ਰਿਹਾ ਹੈ ਕਿ ਅਰੁਣਾਚਲ ਦੱਖਣੀ ਤਿੱਬਤ ਦਾ ਹਿੱਸਾ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤੀ ਆਗੂਆਂ ਦੇ ਭਾਰਤੀ ਸੂਬੇ ਦੇ ਦੌਰੇ ’ਤੇ ਇਤਰਾਜ਼ ਜਤਾਉਣ ਦਾ ‘ਕੋਈ ਕਾਰਨ ਨਹੀਂ ਹੈ ਤੇ ਇਹ ਸਮਝ ਤੋਂ ਬਾਹਰ ਹੈ।’ ਬਾਗਚੀ ਨੇ ਕਿਹਾ ਕਿ ਉਨ੍ਹਾਂ ਚੀਨ ਦੇ ਸਰਕਾਰੀ ਬੁਲਾਰੇ ਦੀਆਂ ਟਿੱਪਣੀਆਂ ਦਾ ਨੋਟਿਸ ਲਿਆ ਹੈ। ਭਾਰਤ ਇਨ੍ਹਾਂ ਨੂੰ ਸਿਰੇ ਤੋਂ ਰੱਦ ਕਰਦਾ ਹੈ। ਜ਼ਿਕਰਯੋਗ ਹੈ ਕਿ ਨਾਇਡੂ ਪਿਛਲੇ ਹਫ਼ਤੇ ਦੇ ਅਖੀਰ ਵਿਚ ਅਰੁਣਾਚਲ ਗਏ ਸਨ। ਨਾਇਡੂ ਨੇ ਆਪਣੇ ਨੌਂ ਅਕਤੂਬਰ ਦੇ ਦੌਰੇ ਦੌਰਾਨ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕੀਤਾ ਸੀ। ਭਾਰਤੀ ਬੁਲਾਰੇ ਨੇ ਕਿਹਾ ਕਿ ਦੇਸ਼ ਦੇ ਆਗੂ ਅਰੁਣਾਚਲ ਪ੍ਰਦੇਸ਼ ਜਾਂਦੇ ਹੀ ਰਹਿੰਦੇ ਹਨ ਜਿਵੇਂ ਉਹ ਬਾਕੀ ਸੂਬਿਆਂ ਵਿਚ ਜਾਂਦੇ ਹਨ। ਇਸ ਤੋਂ ਪਹਿਲਾਂ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਕਿਹਾ ਕਿ ਭਾਰਤ ਨੇ ਅਰੁਣਾਚਲ ਦੀ ਸਥਾਪਨਾ ਇਕਪਾਸੜ ਤੇ ਗੈਰਕਾਨੂੰਨੀ ਢੰਗ ਨਾਲ ਕੀਤੀ ਸੀ। ਝਾਓ ਨੇ ਕਿਹਾ ਕਿ ਉਹ ਭਾਰਤੀ ਧਿਰ ਨੂੰ ਬੇਨਤੀ ਕਰਦੇ ਹਨ ਕਿ ਅਰੁਣਾਚਲ ਨਾਲ ਜੁੜੇ ਚੀਨ ਦੇ ਫ਼ਿਕਰਾਂ ਨੂੰ ਸਤਿਕਾਰ ਨਾਲ ਲਿਆ ਜਾਵੇ। ਇਸ ਤਰ੍ਹਾਂ ਦਾ ਕੋਈ ਵੀ ਕਦਮ ਨਾ ਚੁੱਕਿਆ ਜਾਵੇ ਜੋ ਸਥਿਤੀ ਨੂੰ ਹੋਰ ਗੁੰਝਲਦਾਰ ਬਣਾਏ ਤੇ ਸਰਹੱਦੀ ਵਿਵਾਦ ਨੂੰ ਵਧਾਏ। ਉਨ੍ਹਾਂ ਕਿਹਾ ਕਿ ਆਪਸੀ ਭਰੋਸੇ ਤੇ ਦੁਵੱਲੇ ਰਿਸ਼ਤਿਆਂ ਨੂੰ ਅਣਗੌਲਿਆ ਨਾ ਜਾਵੇ। ਬੁਲਾਰੇ ਨੇ ਕਿਹਾ ਕਿ ਭਾਰਤ ਨੂੰ ਸਰਹੱਤ ’ਤੇ ਸ਼ਾਂਤੀ-ਸਥਿਰਤਾ ਬਣਾਏ ਰੱਖਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਦੁਵੱਲੇ ਰਿਸ਼ਤੇ ਮੁੜ ਲੀਹ ’ਤੇ ਪੈ ਸਕਣ। ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਦਰਮਿਆਨ ਹਾਲ ਹੀ ਵਿਚ ਹੋਈ ਫ਼ੌਜੀ ਵਾਰਤਾ ਵਿਚ ਭਾਰਤੀ ਧਿਰ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਪੂਰਬੀ ਲੱਦਾਖ ਵਿਚ ਬਕਾਇਆ ਸਰਹੱਦੀ ਮਸਲੇ ਹੱਲ ਕੀਤੇ ਜਾਣ। ਹਾਲਾਂਕਿ ਇਸ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੈ ਤੇ ਦੋਵੇਂ ਧਿਰਾਂ ਵਾਰਤਾ ਜਾਰੀ ਰੱਖਣ ਲਈ ਰਾਜ਼ੀ ਹਨ।