ਸੋਨੀਆ ਸਿੱਧੂ ਤੇ ਬਰੈਂਪਟਨ ਦੇ ਸੰਸਦ ਮੈਂਬਰਾਂ ਨੇ ਮਿਲਕੇ ਰਾਇਰਸਨ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾ. ਮੁਹੰਮਦ ਲੱਛਮੀ ਨਾਲ ਮੁਲਾਕਾਤ ਕੀਤੀ

ਬਰੈਂਪਟਨ – ਸੰਸਦ ਮੈਂਬਰ ਸੋਨੀਆ ਸਿੱਧੂ ਤੇ ਬਰੈਂਪਟਨ ਦੇ ਹੋਰ ਸੰਸਦ ਮੈਂਬਰਾਂ ਨੇ ਮਿਲਕੇ ਰਾਇਰਸਨ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾ. ਮੁਹੰਮਦ ਲੱਛਮੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਨੇ ਸ਼ਹਿਰ ਵਿੱਚ ਇੱਕ ਨਵਾਂ ਮੈਡੀਕਲ ਸਕੂਲ, ਸਾਈਬਰ ਸੁਰੱਖਿਆ ਵਿੱਚ ਨਿਵੇਸ਼, ਅਤੇ ਹੈਲਥਕੇਅਰ ਨਵੀਨਤਾਵਾਂ ਸਮੇਤ ਸਾਂਝੀਆਂ ਤਰਜੀਹਾਂ ਬਾਰੇ ਪ੍ਰੈਜ਼ੀਡੈਂਟ ਲਛਮੀ ਨਾਲ ਵਿਚਾਰ ਵਟਾਂਦਰਾ ਕੀਤਾ।
ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਐੱਮ.ਪੀ ਸੋਨੀਆ ਸਿੱਧੂ ਨੇ ਕਿਹਾ ਕਿ ਬਰੈਂਪਟਨ ਵਾਸੀ ਸਾਡੇ ਸ਼ਹਿਰ ਵਿੱਚ ਇੱਕ ਮੈਡੀਕਲ ਸਕੂਲ ਚਾਹੁੰਦੇ ਹਨ। ਫੈਡਰਲ ਸਰਕਾਰ ਦੀ ਤਰਫੋਂ ਇਸ ਨੂੰ ਬਰੈਂਪਟਨ ਲਿਆਉਣ ਲਈ ਜੋ ਕੁਝ ਕੀਤਾ ਜਾ ਸਕਦਾ ਹੈ, ਅਸੀਂ ਉਹ ਸਭ ਕੁਝ ਕਰਨ ਲਈ ਵਚਨਬੱਧ ਹਾਂ , ਠੀਕ ਉਸੇ ਤਰ੍ਹਾਂ ਜਿਵੇਂ ਅਸੀਂ ਪਹਿਲਾਂ ਹੀ ਬਰੈਂਪਟਨ ਸਾਊਥ ਵਿੱਚ ਰਾਇਰਸਨ ਸਾਈਬਰ ਸਿਕਓਰ ਕੈਟਾਲਿਸਟ ਹੱਬ ਲਿਆਉਣ ‘ਚ ਕਾਮਯਾਬ ਹੋਏ ਸੀ।
ਉਹਨਾਂ ਨੇ ਕਿਹਾ ਕਿ ਸਾਡੀ ਬਰੈਂਪਟਨ ਐੱਮ.ਪੀਜ਼ ਦੀ ਟੀਮ ਨੇ ਰਾਇਰਸਨ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾ. ਮੁਹੰਮਦ ਲੱਛਮੀ ਨਾਲ ਮੁਲਾਕਾਤ ਕੀਤੀ ਤਾਂ ਜੋ ਅਸੀਂ ਆਪਣੇ ਬਰੈਂਪਟਨ ਵਾਸੀਆਂ ਲਈ ਇਸ ਤਰਜੀਹ ਨੂੰ ਲਾਗੂ ਕਰਨ ਵਿੱਚ ਸੂਬਾਈ ਅਤੇ ਮਿਊਂਸੀਪਲ ਸਰਕਾਰਾਂ ਦੇ ਨਾਲ ਕੰਮ ਕਰਨਾ ਜਾਰੀ ਰੱਖ ਸਕੀਏ।