ਬਠਿੰਡਾ
ਸ਼ਹਿਰੀ ਬੁਨਿਆਦੀ ਢਾਂਚੇ ਦੇ ਸਰਬਪੱਖੀ ਵਿਕਾਸ ਲਈ ਯੋਜਨਾਬੱਧ ਕੰਮ ਕਰਨ ’ਤੇ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇਥੇ ਐਲਾਨ ਕੀਤਾ ਕਿ ਆਧੁਨਿਕ ਦੌਰ ਦੀ ਭੱਜ-ਦੌੜ ਵਾਲੀ ਜੀਵਨਸ਼ੈਲੀ ਵਿੱਚ ਲੋਕਾਂ ਨੂੰ ਚੰਗੀ ਸਿਹਤ ਨਾਲ ਜੋੜਨ ਲਈ ਸੂਬੇ ਭਰ ਵਿੱਚ ਪਾਰਕ ਵਿਕਸਿਤ ਕੀਤੇ ਜਾਣਗੇ। ਉਨ੍ਹਾਂ ਇਹ ਗੱਲ ਆਪਣੇ ਬਠਿੰਡਾ ਦੌਰੇ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਬ੍ਰਾਂਚ ਨਹਿਰ ਦੇ ਨਾਲ-ਨਾਲ ਪਾਰਕ ਬਣਾਉਣ ਦੀ ਰੱਖੀ ਮੰਗ ਦੇ ਸੰਦਰਭ ਵਿੱਚ ਕਹੀ।
ਮੁੱਖ ਮੰਤਰੀ ਨੇ ਦਸਹਿਰੇ ਦੇ ਤਿਉਹਾਰ ਮੌਕੇ ਸੂਬਾ ਵਾਸੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਟ ਕਰਦਿਆਂ ਕਿਹਾ ਕਿ ਸ਼ਹਿਰੀ ਵਿਕਾਸ ਉਨ੍ਹਾਂ ਦੀ ਸਰਕਾਰ ਦੀ ਮੁੱਖ ਤਰਜੀਹ ਹੈ ਅਤੇ ਇਸ ਲਈ ਉਨ੍ਹਾਂ ਕੋਲ ਸੀਵਰੇਜ ਸਿਸਟਮ, ਵਧੀਆ ਮਾਰਕੀਟਾਂ ਤੇ ਪਾਰਕਾਂ ਆਦਿ ਦਾ ਪੂਰਾ ਖ਼ਾਕਾ ਵੀ ਤਿਆਰ ਹੈ। ਸ਼ਹਿਰ ਦੇ ਪਰਸਰਾਮ ਨਗਰ ਵਿੱਚ ਸ਼ਹੀਦ ਸਿਪਾਹੀ ਸੰਦੀਪ ਸਿੰਘ ਦੀ ਯਾਦ ਵਿੱਚ ਬਣਾਏ ਚੌਕ ਦਾ ਲੋਕ ਅਰਪਣ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਲਈ 2 ਅਗਸਤ 1999 ਨੂੰ ਸੂਰਨਕੋਟ, ਜੰਮੂ-ਕਸ਼ਮੀਰ ਵਿੱਚ ਆਪਣਾ ਬਲੀਦਾਨ ਦੇਣ ਵਾਲੇ ਸੰਦੀਪ ਸਿੰਘ ਦੇ ਮਾਤਾ-ਪਿਤਾ ਨੂੰ ਮਿਲ ਕੇ ਆਸ਼ੀਰਵਾਦ ਲੈਣਾ, ਉਨ੍ਹਾਂ ਲਈ ਇੱਕ ਭਾਵੁਕ ਪਲ ਹੈ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਦਸਹਿਰੇ ਦੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ ਤੇ ਪਿਛਲੇ ਦਿਨੀਂ ਕਸ਼ਮੀਰ ਵਿੱਚ ਸ਼ਹੀਦ ਹੋਏ 5 ਜਵਾਨਾਂ ਦੀ ਸ਼ਹਾਦਤ ਨੂੰ ਵੀ ਨਮਨ ਕੀਤਾ। ਸਿੱਖ ਰੈਜੀਮੈਂਟ ਅਤੇ ਪੰਜਾਬ ਨੂੰ ਭਾਰਤੀ ਫੌਜ ਦੇ ਸਿਰ ਦਾ ਤਾਜ ਦੱਸਦਿਆਂ ਵਿੱਤ ਮੰਤਰੀ ਨੇ ਦੇਸ਼ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਦੇ ਮਾਪਿਆਂ ਨੂੰ ਵੀ ਸਿਜਦਾ ਕੀਤਾ। ਉਨ੍ਹਾਂ ਨੇ 2 ਕਿਲੋਵਾਟ ਤੱਕ ਦੇ ਬਿਜਲੀ ਲੋਡ ਵਾਲੇ ਉਪਭੋਗਤਾਵਾਂ ਦੇ ਬਿੱਲ ਬਕਾਏ ਦੀ ਮੁਆਫ਼ੀ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਮੁੱਖ ਮੰਤਰੀ ਨੇ ਮੈਰੀਟੋਰੀਅਸ ਸਕੂਲ ’ਚ ਸਥਾਪਤ ਵਿਸ਼ੇਸ਼ ਡੇਂਗੂ ਵਾਰਡ ਦਾ ਦੌਰਾ ਵੀ ਕੀਤਾ ਤੇ ਇੱਥੇ ਇਲਾਜ ਕਰਵਾ ਰਹੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ। ਇਸ ਦੌਰਾਨ ਉਨ੍ਹਾਂ ਨੇ ਵਿੱਤ ਮੰਤਰੀ ਦੀ ਇੱਥੇ ਬਣਨ ਵਾਲੀ ਰਿਹਾਇਸ਼ ਦਾ ਨੀਂਹ ਪੱਥਰ ਰੱਖਿਆ ਤੇ ਉਹ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੇ ਘਰ ਵੀ ਗਏ।
ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਦੀ ਪਤਨੀ ਵੀਨੂੰ ਬਾਦਲ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਤੇ ਹੋਰ ਆਗੂ ਹਾਜ਼ਰ ਸਨ।
ਮੁੱਖ ਮੰਤਰੀ ਨੇ ਅੱਜ 30 ਕਰੋੜ ਰੁਪਏ ਦੀ ਲਾਗਤ ਵਾਲੇ ਬਠਿੰਡਾ ਬ੍ਰਾਂਚ ਨਹਿਰ ਦੇ ਨਵੀਨੀਕਰਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਰੋਜ਼ ਗਾਰਡਨ ਬਠਿੰਡਾ ਵਿੱਚ 2 ਏਕੜ ਥਾਂ ’ਚ 27.15 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਬਲਵੰਤ ਗਾਰਗੀ ਮਲਟੀਪਰਪਜ਼ ਔਡੀਟੌਰੀਅਮ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਵਿੱਚ 928 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਤੋਂ ਇਲਾਵਾ 120 ਲੋਕਾਂ ਲਈ ਓਪਨ ਏਅਰ ਥੀਏਟਰ, ਕਲਾ ਅਤੇ ਪ੍ਰਦਰਸ਼ਨੀ ਹਾਲ, ਕਨਫ਼ਰੰਸ ਹਾਲ, ਸੈਮੀਨਾਰ ਹਾਲ ਤੇ ਕੈਫੇਟੇਰੀਆ ਵੀ ਬਣੇਗਾ।
ਗੁਲਾਬੀ ਸੁੰਡੀ ਕਾਰਨ ਨੁਕਸਾਨੀ ਨਰਮੇ ਦੀ ਫ਼ਸਲ ਦੇ ਮੁਆਵਜ਼ੇ ਲਈ ਗਿਆਰਾਂ ਦਿਨਾਂ ਤੋਂ ਵਿੱਤ ਮੰਤਰੀ ਦੇ ਬੂਹੇ ਘੇਰੀ ਬੈਠੇ ਹਜ਼ਾਰਾਂ ਕਿਸਾਨਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੱਕੇ ਮੋਰਚੇ ਨੂੰ ਅੱਖੋਂ-ਪਰੋਖੇ ਕਰ ਕੇ ਬਠਿੰਡਾ ਤੋਂ ਹੀ ਸਮਾਗਮ ਭੁਗਤਾ ਕੇ ਮੁੜਨ ਦਾ ਬੁਰਾ ਮਨਾਇਆ ਹੈ। ਮੋਰਚੇ ’ਤੇ ਡਟੇ ਕਿਸਾਨਾਂ ਮੁਤਾਬਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਉਨ੍ਹਾਂ ਕੋਲ ਆ ਕੇ ਗੱਲ ਸੁਣਨੀ ਚਾਹੀਦੀ ਸੀ। ਕਿਸਾਨ ਆਗੂ ਹਰਜਿੰਦਰ ਸਿੰਘ ਬੱਗੀ, ਗੁਰਭਗਤ ਸਿੰਘ ਭਲਾਈਆਣਾ ਅਤੇ ਗੁਰਬਾਜ਼ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਦੇ ਕਿਸਾਨ-ਮਜ਼ਦੂਰ ਪੱਖੀ ਹੋਣ ਦੇ ਦਾਅਦਿਆਂ ਦੀ ਹਕੀਕਤ ਅੱਜ ਮੁੱਖ ਮੰਤਰੀ ਦੀ ਫੇਰੀ ਨੇ ਬਿਆਨ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਲਕੇ 16 ਅਕਤੂਬਰ ਨੂੰ ਬਾਦਲ ਪਿੰਡ ਦੇ ਬੱਸ ਅੱਡੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੂੰਜੀਪਤੀਆਂ ਦੇ ਪੁਤਲੇ ਫੂਕੇ ਜਾਣਗੇ। ਇਸੇ ਦੌਰਾਨ ਮੋਰਚੇ ’ਚ ਤੀਰਥ ਸਿੰਘ ਚੜਿੱਕ ਦੀ ਨਿਰਦੇਸ਼ਨਾ ਹੇਠ ‘ਸ਼ਹੀਦ ਭਗਤ ਸਿੰਘ ਕਲਾ ਰੰਗਮੰਚ ਚੜਿੱਕ’ ਦੀ ਟੀਮ ਵੱਲੋਂ ‘ਇਹ ਧਰਤੀ ਕਿਸੇ ਦੇ ਬਾਪ ਦੀ ਨਹੀਂ’ ਅਤੇ ‘ਲੀਰਾਂ’ ਨਾਟਕ ਖੇਡੇ ਗਏ। ਲੋਕ-ਪੱਖੀ ਗਾਇਕ ਅਜਮੇਰ ਸਿੰਘ ਅਕਲੀਆ, ਰਾਮ ਸਿੰਘ ਹਠੂਰ, ਨਿਰਮਲ ਸਿੰਘ ਸਿਵੀਆਂ ਅਤੇ ਮਿੱਠੂ ਸਿੰਘ ਕਿਲਾ ਭਰੀਆਂ ਵੱਲੋਂ ਲੋਕ ਪੱਖੀ ਗੀਤ ਪੇਸ਼ ਕੀਤੇ ਗਏ।