ਸਾਡੇ ਪਰਿਵਾਰ ਦੀ ਨਿੱਜਤਾ ਦਾ ਸਨਮਾਨ ਕੀਤਾ ਜਾਵੇ: ਸ਼ਿਲਪਾ ਸ਼ੈੱਟੀ

ਸਾਡੇ ਪਰਿਵਾਰ ਦੀ ਨਿੱਜਤਾ ਦਾ ਸਨਮਾਨ ਕੀਤਾ ਜਾਵੇ: ਸ਼ਿਲਪਾ ਸ਼ੈੱਟੀ

ਮੁੰਬਈ: ਫਿਲਮ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਅਸ਼ਲੀਲ ਫਿਲਮਾਂ ਦੇ ਮਾਮਲੇ ’ਚ ਪਤੀ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ’ਤੇ ਅੱਜ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਸ ਨੂੰ ਮੁੰਬਈ ਪੁਲੀਸ ਤੇ ਦੇਸ਼ ਦੀ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ। ਸ਼ਿਲਪਾ ਨੇ ਇਸ ਮਾਮਲੇ ਨੂੰ ਲੈ ਕੇ ਲੋਕਾਂ ਨੂੰ ਮੀਡੀਆ ਟਰਾਇਲ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਸ ਦੇ ਪਰਿਵਾਰ ਤੇ ਖਾਸ ਤੌਰ ’ਤੇ ਬੱਚਿਆਂ ਦੀ ਨਿੱਜਤਾ ਦਾ ਸਨਮਾਨ ਕੀਤਾ ਜਾਵੇ।

ਸ਼ਿਲਪਾ ਨੇ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ’ਤੇ ਇੱਕ ਪੋਸਟ ਲਿਖ ਕੇ ਆਪਣਾ ਰੁਖ ਸਪੱਸ਼ਟ ਕੀਤਾ। ਸ਼ਿਲਪਾ ਨੇ ਪੋਸਟ ’ਚ ਲਿਖਿਆ, ‘ਇੱਕ ਪਰਿਵਾਰ ਵਜੋਂ ਅਸੀਂ ਕਾਨੂੰਨੀ ਸਹਾਇਤਾ ਲੈ ਰਹੇ ਹਾਂ। ਪਰ ਇੱਕ ਮਾਂ ਹੋਣ ਵਜੋਂ ਮੈਂ ਤੁਹਾਨੂੰ ਸਾਰੇ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਸਾਡੀ ਤੇ ਖਾਸ ਤੌਰ ’ਤੇ ਮੇਰੇ ਬੱਚਿਆਂ ਦੀ ਨਿੱਜਤਾ ਦਾ ਸਨਮਾਨ ਕਰੋ। ਤੱਥਾਂ ਦੀ ਪੁਸ਼ਟੀ ਕੀਤੇ ਬਿਨਾਂ ਅੱਧੀ-ਅਧੂਰੀ ਜਾਣਕਾਰੀ ’ਤੇ ਯਕੀਨ ਨਾ ਕਰੋ।’ ਸ਼ਿਲਪਾ ਨੇ ਕਿਹਾ ਕਿ ਉਸ ਨੇ ਪਿਛਲੇ 29 ਸਾਲਾਂ ਤੋਂ ਫਿਲਮਾਂ ’ਚ ਮਿਹਨਤ ਨਾਲ ਕੰਮ ਕੀਤਾ ਹੈ ਅਤੇ ਹਮੇਸ਼ਾ ਕਾਨੂੰਨ ਦਾ ਪਾਲਣ ਕੀਤਾ ਹੈ। ਉਸ ਨੇ ਕਿਹਾ, ‘ਲੋਕਾਂ ਨੇ ਜਦੋਂ ਵੀ ਮੇਰੇ ’ਤੇ ਭਰੋਸਾ ਕੀਤਾ, ਮੈ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ। ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਮੇਰੀ ਤੇ ਮੇਰੇ ਪਰਿਵਾਰ ਦੀ ਨਿੱਜਤਾ ਦੇ ਅਧਿਕਾਰ ਦਾ ਸਨਮਾਨ ਕਰੋ। ਇਸ ਮਾਮਲੇ ’ਚ ਮੀਡੀਆ ਟਰਾਇਲ ਨਹੀਂ ਕੀਤਾ ਜਾਣਾ ਚਾਹੀਦਾ। ਕਾਨੂੰਨ ਨੂੰ ਅਪਣਾ ਕੰਮ ਕਰਨ ਦਿਓ।’ -ਪੀਟੀਆਈ

Entertainment