ਭਾਰਤ ਤੇ ਇਜ਼ਰਾਈਲ ਮੁਕਤ ਵਪਾਰ ਸਮਝੌਤੇ ਬਾਰੇ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ

ਯੋਰੋਸ਼ਲਮ

ਭਾਰਤ ਤੇ ਇਜ਼ਰਾਈਲ ਮੁਕਤ ਵਪਾਰ ਸਮਝੌਤੇ (ਐੱਫਟੀਏ) ਬਾਰੇ ਬੰਦ ਪਈ ਗੱਲਬਾਤ ਨੂੰ ਅਗਲੇ ਮਹੀਨੇ ਤੋਂ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਹਨ। ਦੋਵਾਂ ਮੁਲਕਾਂ ਨੂੰ ਯਕੀਨ ਹੈ ਉਹ ਲੰਮੇ ਸਮੇਂ ਤੋਂ ਬਕਾਇਆ ਪਏ ਸਮਝੌਤੇ ਨੂੰ ਅਗਲੇ ਸਾਲ ਜੂਨ ਤੱਕ ਸਿਰੇ ਚਾੜ੍ਹ ਲੈਣਗੇ।

ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਇਜ਼ਰਾਈਲ ਦੇ ਬਦਲਵੇਂ/ਯੁਜ਼ਵਕਤੀ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਯੇਅਰ ਲੈਪਿਡ ਨਾਲ ਮੁੁਲਾਕਾਤ ਮਗਰੋਂ ਕੀਤੇ ਐਲਾਨ ’ਚ ਕਿਹਾ, ‘‘ਸਾਡੇ ਅਧਿਕਾਰੀ ਭਾਰਤ-ਇਜ਼ਰਾਈਲ ਮੁਕਤ ਵਪਾਰ ਸਮਝੌਤੇ ਸਬੰਧੀ ਗੱਲਬਾਤ ਨੂੰ ਨਵੰਬਰ ਵਿੱਚ ਮੁੜ ਤੋਂ ਸ਼ੁਰੂ ਕਰਨ ਲਈ ਸਹਿਮਤ ਹੋ ਗੲੇ ਹਨ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਇਸ ਗੱਲਬਾਤ ਨੂੰ ਅਗਲੇ ਸਾਲ ਜੂਨ ਤੱਕ ਸਿਰੇ ਚਾੜ੍ਹ ਲਵਾਂਗੇ।’’ ਕਾਬਿਲੇਗੌਰ ਹੈ ਕਿ ਮੁਕਤ ਵਪਾਰ ਸਮਝੌਤੇ ਬਾਰੇ ਦੋਵਾਂ ਧਿਰਾਂ ਦਰਮਿਆਨ ਪਿਛਲੇ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਵਿਚਾਰ ਚਰਚਾ ਜਾਰੀ ਹੈ, ਪਰ ਇਹ ਪਹਿਲੀ ਵਾਰ ਹੈ ਜਦੋਂ ਇਕ ਅੰਤਿਮ ਹੱਦ ਨਿਰਧਾਰਿਤ ਕੀਤੀ ਗਈ ਹੈ, ਜੋ ਇਸ ਪੂਰੇ ਅਮਲ ਨੂੰ ਸੰਜੀਦਗੀ ਬਖ਼ਸ਼ਦੀ ਹੈ। ਹੁਣ ਤੱਕ ਦੋਵਾਂ ਧਿਰਾਂ ਵੱਲੋਂ ਪਿਛਲੇ ਕੁਝ ਸਾਲਾਂ ਦੌਰਾਨ ਕਈ ਐਲਾਨ ਕੀਤੇ ਗਏ, ਪਰ ਸਮਝੌਤਾ ਕਿਸੇ ਤਣ-ਪੱਤਣ ਨਹੀਂ ਲੱਗ ਸਕਿਆ।

ਉਧਰ ਲੈਪਿਡ ਨੇ ਵੀ ਆਪਣੇ ਵੱਲੋਂ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਐੱਫਟੀਏ ਨੂੰ ਦੋਵਾਂ ਮੁਲਕਾਂ ਤੇ ਕਾਰੋਬਾਰੀ ਭਾਈਚਾਰੇ ਦੇ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ‘ਜਿੰਨਾ ਛੇਤੀ ਹੋ ਸਕਿਆ ਅੰਤਿਮ ਰੂਪ ਦਿੱਤਾ ਜਾਵੇਗਾ’। ਲੈਪਿਡ ਨੇ ਕਿਹਾ, ‘‘ਮੈਂ ਦੋਵਾਂ ਮੁਲਕਾਂ ਦਰਮਿਆਨ ਦੋਸਤੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਵੇਖ ਰਿਹਾ ਹਾਂ।

ਭਾਰਤ ਨਾ ਸਿਰਫ਼ ਸਾਡਾ ਰਣਨੀਤਕ ਭਾਈਵਾਲ ਬਲਕਿ ਦੋਸਤ ਵੀ ਹੈ। ਅਸੀਂ ਪਿਛਲੇ ਕਈ ਸਾਲਾਂ ਤੋਂ ਭਾਰਤ ਨੂੰ ਆਪਣੇ ਅਹਿਮ ਭਾਈਵਾਲ ਵਜੋਂ ਵੇਖਦੇ ਹਾਂ। ਭਾਰਤ ਸਹਿਯੋਗ ਦੇ ਨਵੇਂ ਮੌਕੇ ਲੈ ਕੇ ਆਇਆ ਹੈ।’’ ਜੈਸ਼ੰਕਰ ਪੰਜ ਰੋਜ਼ਾ ਫੇਰੀ ਤਹਿਤ ਇਜ਼ਰਾਇਲ ਵਿੱਚ ਹਨ। ਆਪਣੀ ਇਸ ਫੇਰੀ ਦੌਰਾਨ ਉਹ ਭਾਰਤ ਲਈ ਇਤਿਹਾਸਕ ਪੱਖੋਂ ਅਹਿਮ ਥਾਵਾਂ ’ਤੇ ਵੀ ਜਾਣਗੇ।

ਭਾਰਤ ਤੇ ਇਜ਼ਰਾਇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੁਲਾਈ 2017 ਦੀ ਇਜ਼ਰਾਈਲ ਦੀ ਇਤਿਹਾਸਕ ਫੇਰੀ ਮੌਕੇ ਦੁਵੱਲੇ ਰਣਨੀਤਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵੱਲ ਕਦਮ ਪੁੱਟਿਆ ਸੀ। ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਯੋਰੋਸ਼ਲਮ ਦੇ ਜੰਗਲਾਂ ਵਿੱਚ ‘ਭੂਦਾਨ ਗ੍ਰੋਵ’ ਪਲੇਕ (ਧਾਤ ਦੀ ਪੱਟੀ) ਤੋਂ ਪਰਦਾ ਚੁੱਕਣ ਦੀ ਰਸਮ ਅਦਾ ਕੀਤੀ।

ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਇਕੋ ਇਕ ਮਕਸਦ ਮਹਾਤਮਾ ਗਾਂਧੀ ਦੇ ਪਿੰਡ ਨੂੰ ਵਿਕਾਸ ਦੀ ਬੁਨਿਆਦੀ ਇਕਾਈ ਵਜੋਂ ਵਿਕਸਤ ਕਰਨ ਦੇ ਮੰਤਵ ’ਤੇ ਅਧਾਰਿਤ ਹੈ।

ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਤੇ ਇਜ਼ਰਾਈਲ ਦੇ ਭਾਈਚਾਰਿਆਂ ਨੂੰ ਅਤਿਵਾਦ ਤੇ ਕੱਟੜਵਾਦ ਦੇ ਰੂਪ ਵਿੱਚ ਇਕੋ ਜਿਹੀਆਂ ਚੁਣੌਤੀਆਂ ਦਰਪੇਸ਼ ਹਨ। ਉਨ੍ਹਾਂ ਇਜ਼ਰਾਈਲ ਵਿੱਚ ਰਹਿੰਦੇ ਭਾਰਤੀ ਯਹੂਦੀ ਭਾਈਚਾਰੇ ਵੱਲੋਂ ਭਾਰਤ-ਇਜ਼ਰਾਈਲ ਦੇ ਸਦੀਆਂ ਪੁਰਾਣੇ ਰਿਸ਼ਤਿਆਂ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ, ‘‘ਮੈਨੂੰ ਪੂਰਾ ਯਕੀਨ ਹੈ ਕਿ ਇਜ਼ਰਾਈਲ ’ਚ ਰਹਿੰਦਾ ਭਾਰਤੀ ਯਹੂਦੀ ਭਾਈਚਾਰਾ ਆਉਂਦੇ ਸਾਲਾਂ ਵਿੱਚ ਦੋਵਾਂ ਮੁਲਕਾਂ ਨੂੰ ਹੋਰ ਕਰੀਬ ਲਿਆਏਗਾ।’’ ਜੈਸ਼ੰਕਰ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਇਜ਼ਰਾਈਲ ਦੀ ਉਨ੍ਹਾਂ ਦੀ ਤੀਜੀ ਫੇਰੀ ਹੈ, ਪਰ ਜਦੋਂ ਵੀ ਉਹ ਮੁੜਦੇ ਹਨ ਤਾਂ ਇੰਜ ਲਗਦਾ ਹੈ ਕਿ ਅਜੇ ਵੀ ਯਾਤਰਾ ਅਧੂਰੀ ਹੈ।