ਓਲੰਪੀਆ (ਯੂਨਾਨ)
ਚੀਨ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਵਿਰੋਧ ਕਰ ਰਹੇ ਤਿੰਨ ਪ੍ਰਦਰਸ਼ਨਕਾਰੀ ਉਸ ਪੁਰਾਤੱਤਵ ਥਾਂ ਵਿੱਚ ਦਾਖ਼ਲ ਹੋ ਗਏ, ਜਿੱਥੇ ਪੇਈਚਿੰਗ ਸਰਦ ਰੁੱਤ ਖੇਡਾਂ-2022 ਦੀ ਮਸ਼ਾਲ ਰੌਸ਼ਨ ਕਰਨ ਲਈ ਅੱਜ ਪ੍ਰੋਗਰਾਮ ਰੱਖਿਆ ਹੋਇਆ ਸੀ। ਪ੍ਰਦਰਸ਼ਨਕਾਰੀ ਹੇਰਾ ਦੇ ਮੰਦਰ ਵੱਲ ਦੌੜੇ। ਉਨ੍ਹਾਂ ਦੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ, ਜਿਸ ’ਤੇ ਲਿਖਿਆ ਸੀ, ‘ਕਤਲੇਆਮ ਖੇਡ ਨਹੀਂ’। ਪ੍ਰਦਰਸ਼ਨਕਾਰੀ ਕੰਧ ਨੂੰ ਤੋੜ ਕੇ ਮੈਦਾਨ ਵਿੱਚ ਦਾਖ਼ਲ ਹੋਏ ਅਤੇ ਉਸ ਥਾਂ ’ਤੇ ਜਾਣ ਦਾ ਯਤਨ ਕੀਤਾ, ਜਿੱਥੇ ਸਮਾਰੋਹ ਹੋਣਾ ਸੀ।
ਪੁਲੀਸ ਨੇ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਮੰਦਰ ਵੱਲ ਵਧਦਿਆਂ ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, ‘‘ਪੇਈਚਿੰਗ ਨੂੰ ਓਲੰਪਿਕ ਖੇਡਾਂ ਕਰਵਾਉਣ ਦੀ ਮਨਜ਼ੂਰੀ ਕਿਵੇਂ ਦਿੱਤੀ ਜਾ ਸਕਦੀ ਹੈ, ਜਦਕਿ ਉਹ ਉਈਗਰ ਮੁਸਲਮਾਨਾਂ ਦਾ ਕਤਲੇਆਮ ਕਰ ਰਿਹਾ ਹੈ।’’ ਭਾਰੀ ਪੁਲੀਸ ਬਲ ਲਾ ਕੇ ਮਸ਼ਾਲ ਨੂੰ ਰੌਸ਼ਨ ਕੀਤਾ ਗਿਆ। ਮਹਾਮਾਰੀ ਕਾਰਨ ਸੁਰੱਖਿਆ ਨਿਯਮ ਲਾਗੂ ਕੀਤੇ ਗਏ ਸਨ, ਜਿਸ ਕਾਰਨ ਸਮਾਰੋਹ ਵਿੱਚ ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਸੀ।