ਔਟਵਾ, 10 ਨਵੰਬਰ : ਕੈਨੇਡਾ ਸਰਕਾਰ ਜਲਦ ਹੀ ਭਾਰਤ ਵਿੱਚ ਆਪਣਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕਰਨ ਜਾ ਰਹੀ ਹੈ।
ਨਾਦਿਰ ਪਟੇਲ ਇਸ ਅਹੁਦੇ ’ਤੇ ਛੇ ਸਾਲ ਸੇਵਾਵਾਂ ਨਿਭਾਉਣ ਮਗਰੋਂ ਬੀਤੇ ਜੂਨ ਮਹੀਨੇ ਕੈਨੇਡਾ ਪਰਤ ਗਏ ਨੇ ਤੇ ਹੁਣ ਪ੍ਰਧਾਨ ਜਸਟਿਨ ਟਰੂਡੋ ਤਜ਼ਰਬੇਕਾਰ ਵਪਾਰਕ ਮਾਹਰ ਕੈਮਰਨ ਮੈਕੇ ਨੂੰ ਇਹ ਅਹੁਦਾ ਸੰਭਾਲ ਸਕਦੇ ਨੇ।
ਮੌਜੂਦ ਸਮੇਂ ਇੰਡੋਨੇਸ਼ੀਆ ਵਿੱਚ ਕੈਨੇਡਾ ਦੇ ਅੰਬੈਸਡਰ ਵਜੋਂ ਸੇਵਾਵਾਂ ਨਿਭਾਅ ਰਹੇ ਕੈਮਰਨ ਮੈਕੇ ਦਾ ਦੋ ਮੁਲਕਾਂ ਵਿਚਾਲੇ ਵਪਾਰਕ ਸੰਧੀਆਂ ਕਰਵਾਉਣ ਵਿੱਚ ਰਿਕਾਰਡ ਰਿਹਾ ਹੈ।
ਉਹ ‘ਗਲੋਬਲ ਅਫੇਅਰਜ਼ ਕੈਨੇਡਾ’ ਦੇ ਟਰੇਡ ਨੈਗੋਸ਼ੀਏਸ਼ਨਜ਼ ਬਿਊਰੋ ’ਚ ਡਾਇਰੈਕਟਰ ਜਨਰਲ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ, ਜਿੱਥੇ ਉਨ੍ਹਾਂ ਨੇ ਕੈਨੇਡਾ ਦੇ ਦੁਵੱਲੇ, ਖੇਤਰੀ ਤੇ ਬਹੁਪੱਖੀ ਵਪਾਰਕ ਸਮਝੌਤਿਆਂ ਨੂੰ ਨੇਪਰੇ ਚਾੜ੍ਹਨ ਵਿੱਚ ਵਡਮੁੱਲਾ ਯੋਗਦਾਨ ਪਾਇਆ। ਭਾਰਤ ਤੇ ਕੈਨੇਡਾ ਵਿਚਾਲੇ ਮੁਕਤ ਵਪਾਰ ਸਮਝੌਤੇ ’ਤੇ ਚਰਚਾ ਫਿਰ ਤੋਂ ਸ਼ੁਰੂ ਹੋ ਗਈ ਹੈ।