ਦੋ ਗੋਲ ਕਰਨ ਵਾਲੇ ਸਿਮਰਨਜੀਤ ਸਿੰਘ ਦੇ ਪਿੰਡ ਚਾਹਲ ਕਲਾਂ ’ਚ ਜਸ਼ਨ

ਦੋ ਗੋਲ ਕਰਨ ਵਾਲੇ ਸਿਮਰਨਜੀਤ ਸਿੰਘ ਦੇ ਪਿੰਡ ਚਾਹਲ ਕਲਾਂ ’ਚ ਜਸ਼ਨ

ਬਟਾਲਾ, 5 ਅਗਸਤ:  ਟੋਕੀਓ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਨੂੰ ਹਰਾ ਕੇ ਕਾਂਸੀ ਤਗ਼ਮਾ ਦਿਵਾਉਣ ਬਦਲੇ ਖੇਡ ਇਤਿਹਾਸ ਵਿੱਚ ਬਟਾਲਾ ਦੇ ਨੇੜਲੇ ਪਿੰਡ ਚਾਹਲ ਕਲਾਂ ਦੇ ਵਾਸੀ ਸਿਮਰਨਜੀਤ ਸਿੰਘ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ, ਜਿਸ ਨੇ ਮੈਚ ਵਿੱਚ ਦੋ ਗੋਲ ਕੀਤੇ। ਭਾਰਤ ਦੀ ਜਿੱਤ ਉਪਰੰਤ ਸਿਮਰਨਜੀਤ ਸਿੰਘ ਦੇ ਜੱਦੀ ਪਿੰਡ ਚਾਹਲ ਕਲਾਂ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਖੂਬ ਜਸ਼ਨ ਮਨਾਇਆ ਅਤੇ ਖੁਸ਼ੀ ਵਿੱਚ ਲੱਡੂ ਵੀ ਵੰਡੇ ਅਤੇ ਢੋਲ ’ਤੇ ਭੰਗੜਾ ਵੀ ਪਾਇਆ।

ਸਿਮਰਨਜੀਤ ਸਿੰਘ ਦੇ ਚਚੇਰੇ ਭਰਾ ਸਤਿੰਦਰਬੀਰ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਨੇ ਪਿੰਡ ਦਾ ਨਾਮ ਦੇਸ਼ ਵਿਦੇਸ਼ ਵਿੱਚ ਚਮਕਾਇਆ ਹੈ। ਉਨ੍ਹਾਂ ਦੱਸਿਆ ਕਿ ਸਿਮਰਨਜੀਤ ਸਿੰਘ  ਬਟਾਲਾ ਨੇੜੇ ਚੀਮਾ ਹਾਕੀ ਅਕਾਡਮੀ ਸ਼ਾਹਬਾਦ ਤੋਂ ਮੁੱਢਲੇ ਗੁਣ ਸਿੱਖਣ ਮਗਰੋਂ ਸੁਰਜੀਤ ਹਾਕੀ ਅਕੈਡਮੀ ਜਲੰਧਰ ਚਲਾ ਗਿਆ। ਉਸ ਨੇ ਦੱਸਿਆ ਕਿ ਟੋਕੀਓ ਉਲੰਪਿਕ ’ਚ ਭਾਰਤੀ ਹਾਕੀ ਟੀਮ ਦੇ ਮੈਂਬਰ ਗੁਰਜੰਟ ਸਿੰਘ ਅਤੇ ਸਿਮਰਨਜੀਤ ਸਿੰਘ ਆਪਸ ’ਚ  ਮਾਮਾ-ਭੂਆ ਦੇ ਪੁੱਤ ਭਰਾ ਹਨ। ਇਸ ਮੌਕੇ ਸਿਮਰਨਜੀਤ ਦੇ ਪਿਤਾ ਇਕਬਾਲ ਸਿੰਘ, ਤਾਇਆ ਰਛਪਾਲ ਸਿੰਘ ਨੇ ਆਪਣੇ ਪੁੱਤ ’ਤੇ ਮਾਣ ਕਰਦਿਆਂ ਭਵਿੱਖ ਲਈ ਹੋਰ ਉਮੀਦਾਂ ਦੀ ਆਸ ਲਗਾਈ।

ਸਿਮਰਨਜੀਤ ਸਿੰਘ ਦੀ ਭੈਣ ਨਵਨੀਤ ਕੌਰ ਨੇ ਕਿਹਾ ਕਿ ਭਾਰਤੀ ਟੀਮ ਨੇ 41 ਸਾਲਾਂ ਬਾਅਦ ਇਤਿਹਾਸ ਨੂੰ ਦੁਹਰਾ ਦਿੱਤਾ ਹੈ। ਭਾਰਤ ਦੀ ਇਸ ਜਿੱਤ ’ਤੇ ਖੁਸ਼ੀ ਜ਼ਾਹਿਰ ਕਰਨ ਲਈ ਉਸ ਕੋਲ ਸ਼ਬਦ ਨਹੀਂ ਹਨ। ਉਸ ਨੇ ਕਿਹਾ ਕਿ ਜਰਮਨੀ ਖ਼ਿਲਾਫ਼ ਦੋ ਗੋਲ ਕਰਕੇ ਉਸ ਦੇ ਭਰਾ ਨੇ ਜੋ ਭੂਮਿਕਾ ਨਿਭਾਈ ਹੈ ਉਸ ਨਾਲ ਦੇਸ਼, ਪੰਜਾਬ, ਜ਼ਿਲ੍ਹਾ ਗੁਰਦਾਸਪੁਰ ਅਤੇ ਪਿੰਡ ਚਾਹਲ ਕਲਾਂ ਦਾ ਨਾਮ ਵੀ ਰੌਸ਼ਨ ਹੋਇਆ ਹੈ। ਉਸ ਨੇ ਕਿਹਾ ਕਿ ਉਸ ਦਾ ਭਰਾ ਭਾਰਤੀ ਟੀਮ ਲਈ ਬਹੁਤ ‘ਕਿਸਮਤ ਵਾਲਾ’ ਸਾਬਤ ਹੋਇਆ ਹੈ ਕਿਉਂਕਿ ਜਿਹੜੇ ਦੋ ਮੈਚਾਂ ਵਿੱਚ ਉਹ ਨਹੀਂ ਖੇਡਿਆ, ਉਨ੍ਹਾਂ ਵਿੱਚ ਭਾਰਤ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ।  ਉਸ ਨੇ ਕਿਹਾ ਕਿ ਸਾਰੇ ਪਰਿਵਾਰ ਅਤੇ ਪਿੰਡ ਚਾਹਲ ਕਲਾਂ ਨੂੰ ਸਿਮਰਨਜੀਤ ਸਿੰਘ ’ਤੇ ਬਹੁਤ ਮਾਣ ਹੈ।

ਹਾਕੀ ਖਿਡਾਰੀ ਸ਼ਮਸ਼ੇਰ ਸਿੰਘ ਦੇ ਜੱਦੀ ਪਿੰਡ ਅਟਾਰੀ ਵਿੱਚ ਪਿੰਡ ਵਾਸੀਆਂ ਅਤੇ ਖੇਡ ਪ੍ਰੇਮੀਆਂ ਨੇ ਭੰਗੜੇ ਪਾਏ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ। ਸ਼ਮਸ਼ੇਰ ਸਿੰਘ ਦਾ ਪਰਿਵਾਰ ਅੱਜ ਇਨ੍ਹਾਂ ਜਸ਼ਨਾਂ ਵਿੱਚ ਸ਼ਿਰਕਤ ਨਹੀਂ ਕਰ ਸਕਿਆ ਕਿਉਂਕਿ ਬੀਤੀ ਰਾਤ ਉਨ੍ਹਾਂ ਦੇ ਪਰਿਵਾਰ ’ਚ ਮੌਤ ਹੋ ਗਈ ਸੀ। ਸ਼ਮਸ਼ੇਰ ਸਿੰਘ ਦੇ ਪਿਤਾ ਹਰਦੇਵ ਸਿੰਘ ਨੇ ਕਿਹਾ ਕਿ ਟੋਕੀਓ ਉਲੰਪਿਕ ਦੀ ਸ਼ੁਰੂਆਤ ਤੋਂ ਹੀ ਉਨ੍ਹਾਂ ਨੂੰ ਆਸ ਸੀ ਕਿ ਇਸ ਵਾਰ ਭਾਰਤੀ ਹਾਕੀ ਟੀਮ ਤਗ਼ਮਾ ਜਿੱਤ ਕੇ ਪਰਤੇਗੀ। ਉਨ੍ਹਾਂ ਕਿਹਾ ਕਿ ਸ਼ਮਸ਼ੇਰ ਨਵੇਂ ਖਿਡਾਰੀਆਂ ਲਈ ਪ੍ਰੇਰਨਾ ਸ੍ਰੋਤ ਬਣੇਗਾ। ਅਟਾਰੀ ਸਕੂਲ ਦੇ ਖੇਡ ਦੇ ਮੈਦਾਨ ਵਿੱਚ ਭਾਰਤੀ ਹਾਕੀ ਟੀਮ ਦੇ ਜਿੱਤ ਦੀ ਖੁਸ਼ੀ ਵਿੱਚ ਹਾਕੀ ਖਿਡਾਰੀਆਂ ਵੱਲੋਂ ਮਨਾਏ ਗਏ ਜਸ਼ਨਾਂ ਵਿੱਚ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਸ਼ਮੂਲੀਅਤ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਹੀ ਦੇਸ਼ ਦਾ ਨਾਂ ਰੌਸ਼ਨ ਕੀਤਾ। ਹਾਕੀ ਕੋਚ ਨਵਜੀਤ ਸਿੰਘ ਨੇ ਕਿਹਾ ਕਿ ਹਾਕੀ ਟੀਮ ਦੀ ਜਿੱਤ ਨਾਲ ਹਾਕੀ ਹੋਰ ਵੀ ਪ੍ਰਫੁੱਲਤ ਹੋਈ ਹੈ। ਖਿਡਾਰੀ ਅਮਰਜੀਤ ਸਿੰਘ ਸ਼ਿੰਦਾ ਨੇ ਕਿਹਾ ਕਿ ਸ਼ਮਸ਼ੇਰ ਸਿੰਘ ਨੇ ਭਾਰਤੀ ਹਾਕੀ ਟੀਮ ਦਾ ਹਿੱਸਾ ਬਣ ਕੇ ਮਾਪਿਆਂ ਅਤੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਕਰਨਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਨੇ ਪਿੰਡ ਅਟਾਰੀ ਦੇ ਖੇਡ ਸਟੇਡੀਅਮ ਨੂੰ ਹੋਰ ਦਸ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸ਼ਮਸ਼ੇਰ ਸਿੰਘ ਦੀ ਇਸ ਉਪਲੱਬਧੀ ਨੂੰ ਮੱਦੇਨਜ਼ਰ ਰੱਖਦਿਆਂ ਵਿਧਾਇਕ ਤਰਸੇਮ ਸਿੰਘ ਡੀਸੀ ਅਤੇ ਦਿਲਸ਼ੇਰ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਨੇ ਐਲਾਨ ਕੀਤਾ ਕਿ ਅਟਾਰੀ ਵਿੱਚ ਬਣ ਰਹੇ ਖੇਡ ਸਟੇਡੀਅਮ ਦਾ ਨਾਂ ਓਲੰਪੀਅਨ ਸ਼ਮਸ਼ੇਰ ਸਿੰਘ ਦੇ ਨਾਂ ’ਤੇ ‘ਉਲੰਪੀਅਨ ਸ਼ਮਸ਼ੇਰ ਸਿੰਘ ਸਟੇਡੀਅਮ’ ਰੱਖਿਆ ਜਾਵੇਗਾ। ਇਸ ਮੌਕੇ ਵਿਧਾਇਕ ਡੀਸੀ ਨੇ ਸਟੇਡੀਅਮ ਲਈ 10 ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ।

 

Punjab