ਮਿਆਂਮਾਰ ਦੀ ਅਦਾਲਤ ਨੇ ਅਮਰੀਕੀ ਪੱਤਰਕਾਰ ਨੂੰ ਸੁਣਾਈ 11 ਸਾਲ ਜੇਲ੍ਹ ਦੀ ਸਜ਼ਾ

ਬੈਂਕਾਕ : ਮਿਆਂਮਾਰ ਦੀ ਇਕ ਅਦਾਲਤ ਨੇ ਹਿਰਾਸਤ ’ਚ ਲਏ ਇਕ ਅਮਰੀਕੀ ਪੱਤਰਕਾਰ ਡੈਨੀ ਫੇਂਸਟਰ ਨੂੰ 11 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਫੇਂਸਟਰ ਨੂੰ ਗ਼ਲਤ ਤੇ ਭੜਕਾਊ ਜਾਣਕਾਰੀ ਫੈਲਾਉਣ ਸਮੇਤ ਕਈ ਦੋਸ਼ਾਂ ’ਚ ਮੁਲਜ਼ਮ ਪਾਇਆ ਗਿਆ। ਮਿਆਂਮਾਰ ’ਚ ਤਖ਼ਤਾ ਪਲਟ ਤੋਂ ਬਾਅਦ ਤੋਂ ਫ਼ੌਜੀ ਸ਼ਾਸਨ ਹੈ। ਵਕੀਲ ਥਾਨ ਜਾਊ ਆਂਗ ਨੇ ਦੱਸਿਆ ਕਿ ਆਨਲਾਈਨ ਮੈਗਜ਼ੀਨ ‘ਫਰੰਟੀਅਰ ਮਿਆਂਮਾਰ’ ਦੇ ਪ੍ਰਬੰਧ ਨਿਰਦੇਸ਼ਕ ਫੇਂਸਟਰ ਨੂੰ ਨਾਜਾਇਜ਼ ਸੰਗਠਨਾਂ ਨਾਲ ਸੰਪਰਕ ਰੱਖਣ ਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦਾ ਵੀ ਦੋਸ਼ੀ ਪਾਇਆ ਗਿਆ। ਹਰ ਦੋਸ਼ ਲਈ ਉਸ ਨੁੂੰ ਵੱਧ ਤੋਂ ਵੱਧ ਸਜ਼ਾ ਸੁਣਾਈ ਗਈ ਹੈ।

ਪੱਤਰਕਾਰ ਨੂੰ ਮਈ ਤੋਂ ਹਿਰਾਸਤ ’ਚ ਰੱਖਿਆ ਗਿਆ ਸੀ ਤੇ ੳਸ ਖ਼ਿਲਾਫ਼ ਅੱਤਵਾਦ ਰੋਕੂ ਕਾਨੂੁੰਨ ਦੀ ਉਲੰਘਣਾ ਕਰਨ ਦੇ ਦੋ ਹੋਰ ਮਾਮਲੇ ਵੀ ਚੱਲ ਰਹੇ ਹਨ। ਇਹ ਮਾਮਲੇ ਦੂਸਰੀ ਅਦਾਲਤ ’ਚ ਵਿਚਾਰ-ਅਧੀਨ ਹਨ। ਮੁੱਖ ਸੰਪਾਦਕ ਥਾਮਸ ਕੇਆਨ ਨੇ ਸਜ਼ਾ ਸੁਣਾਏ ਜਾਣ ਤੋਂ ਬਾਅਦ ਕਿਹਾ ਕਿ ਹਰ ਕੋਈ ਲਾਚਾਰ ਤੇ ਦੁਖੀ ਹੈ। ਸਾਰੇ ਡੈਨੀ ਫੇਂਸਟਰ ਨੂੰ ਤੁਰੰਤ ਰਿਹਾਅ ਹੁੰਦੇ ਦੇਖਣਾ ਚਾਹੁੰਦੇ ਹਨ ਤਾਂਕਿ ਉਹ ਆਪਣੇ ਪਰਿਵਾਰ ਕੋਲ ਆਪਣੇ ਘਰ ਜਾ ਸਕੇ। ਫੇਂਸਟਰ ਨੂੰ 24 ਮਈ ਨੂੰ ਯਾਂਗੂਨ ਕੌਮਾਂਤਰੀ ਹਵਾਈ ਅੱਡੇ ’ਤੇ ਅਮਰੀਕਾ ਦੀ ਉਡਾਣ ’ਚ ਸਵਾਰ ਹੁੰਦੇ ਸਮੇਂ ਗਿ੍ਰਫ਼ਤਾਰ ਕੀਤਾ ਗਿਆ ਸੀ। ਉਹ ਇਕਲੌਤਾ ਵਿਦੇਸ਼ੀ ਪੱਤਰਕਾਰ ਹੈ, ਜਿਸ ਨੂੰ ਗੰਭੀਰ ਅਪਰਾਧ ਕਰਨ ਦਾ ਦੋਸ਼ੀ ਪਾਇਆ ਗਿਆ ਹੈ