ਗੁਪਕਾਰ ਗੱਠਜੋੜ ਨੇ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ

ਗੁਪਕਾਰ ਗੱਠਜੋੜ ਨੇ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ

ਸ੍ਰੀਨਗਰ, 5 ਅਗਸਤ:  ਗੁਪਕਾਰ ਐਲਾਨਨਾਮਾ ਗੱਠਜੋੜ (ਪੀਏਜੀਡੀ) ਦੀ ਮੀਟਿੰਗ ਅੱਜ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਦੀ ਰਿਹਾਇਸ਼ ’ਤੇ ਹੋਈ। ਮੀਟਿੰਗ ’ਚ ਗੱਠਜੋੜ ਦੀ ਮੀਤ ਪ੍ਰਧਾਨ ਤੇ ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਤੇ ਉਨ੍ਹਾਂ ਦੇ ਬੁਲਾਰੇ, ਸੀਪੀਆਈ (ਐੱਮ) ਆਗੂ ਐੱਮ ਵਾਈ ਤਰੀਗਾਮੀ ਅਤੇ ਅਵਾਮੀ ਨੈਸ਼ਨਲ ਕਾਨਫਰੰਸ ਦੇ ਸੀਨੀਅਰ ਮੀਤ ਪ੍ਰਧਾਨ ਮੁਜ਼ੱਫਰ ਸ਼ਾਹ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਅਬਦੁੱਲ੍ਹਾ ਦੀ ਰਿਹਾਇਸ਼ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰੀਗਾਮੀ ਨੇ ਕਿਹਾ, ‘ਗੱਠਜੋੜ ਨੇ ਕਾਨੂੰਨੀ ਅਧਿਕਾਰਾਂ ਨੂੰ ਬਹਾਲ ਕਰਨ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ ਹੈ।’ ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਜੰਮੂ ਕਸ਼ਮੀਰ ਦੇ ਹਾਲਾਤ ’ਤੇ ਚਿੰਤਾ ਜ਼ਾਹਿਰ ਕੀਤੀ ਗਈ। ਤਰੀਗਾਮੀ ਨੇ ਕਿਹਾ, ‘ਸਰਕਾਰ ਦੇ ਲੰਮੇ-ਚੌੜੇ ਵਾਅਦਿਆਂ ਦੇ ਬਾਵਜੂਦ ਪੰਜ ਅਗਸਤ 2019 ਤੋਂ ਬਾਅਦ ਹਾਲਾਤ ਬੱਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਉਹ ਦਾਅਵਾ ਕਰਦੇ ਹਨ ਕਿ ਹਾਲਾਤ ਮੁੜ ਆਮ ਵਰਗੇ ਹੋ ਜਾਣਗੇ ਤੇ ਹਿੰਸਾ ਖਤਮ ਹੋਵੇਗੀ ਪਰ ਦੇਖੋ ਕਿ ਹਾਲ ਹੀ ’ਚ ਰਾਜ ਦੇ ਦਰਜੇ ਸਬੰਧੀ ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਸੰਸਦ ’ਚ ਕੀ ਕਿਹਾ। ਮੰਤਰੀ ਨੇ ਕਿਹਾ ਕਿ ਰਾਜ ਦਾ ਦਰਜਾ ਸਹੀ ਸਮਾਂ ਆਉਣ ’ਤੇ ਤਾਂ ਹੀ ਬਹਾਲ ਹੋਵੇਗਾ ਜਦੋਂ ਹਾਲਾਤ ਆਮ ਵਰਗੇ ਹੋ ਜਾਣਗੇ।’ ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਹਾਲਾਤ ਅਜੇ ਠੀਕ ਨਹੀਂ ਹਨ ਤੇ ਖੇਤਰ ’ਚ ਸ਼ਾਂਤੀ ਬਹਾਲ ਦੇ ਦਾਅਵੇ ਅਜੇ ਹਾਸਲ ਨਹੀਂ ਕੀਤੇ ਜਾ ਸਕੇ। ਤਰੀਗਾਮੀ ਨੇ ਕਿਹਾ ਕਿ ਸਰਕਾਰ ਨੇ ਜੰਮੂ ਕਸ਼ਮੀਰ ਬਾਰੇ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਇਸ ਦੀ ਥਾਂ ਅਜਿਹੇ ਕਾਨੂੰਨ ਪ੍ਰਬੰਧ ਦਾ ਹਿੱਸਾ ਬਣ ਗਏ ਹਨ ਜੋ ਪ੍ਰੈੱਸ ਦੇ ਲੋਕਾਂ ਦੀ ਆਜ਼ਾਦੀ ਦਾ ਘਾਣ ਕਰਦੇ ਹਨ। 

ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਹੋਣ ਦਾ ਦੂਜਾ ਸਾਲ ਪੂਰਾ ਹੋਣ ’ਤੇ ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਜਦੋਂ ਲੋਕਾਂ ਨਾਲ ਅਨਿਆਂ ਕੀਤਾ ਗਿਆ ਤਾਂ ਉਨ੍ਹਾਂ ਕੋਲ ਹੋਂਦ ਬਣਾਈ ਰੱਖਣ ਲਈ ਇਸ ਦਾ ਵਿਰੋਧ ਕਰਨ ਤੋਂ ਬਿਨਾਂ ਕੋਈ ਰਾਹ ਨਹੀਂ ਸੀ। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਟਵੀਟ ਕੀਤਾ, ‘ਵਜੂਦ ਬਣਾਈ ਰੱਖਣ ਲਈ ਇਸ ਦਾ ਵਿਰੋਧ ਕਰਨ ਤੋਂ ਬਿਨਾਂ ਕੋਈ ਕੋਈ ਰਾਹ ਨਹੀਂ ਸੀ।’ ਉਨ੍ਹਾਂ ਕਿਹਾ, ‘ਕੋਈ ਸ਼ਬਦ ਜਾਂ ਤਸਵੀਰਾਂ ਦੋ ਸਾਲ ਪਹਿਲੇ ਇਸ ਕਾਲੇ ਦਿਨ ’ਤੇ ਜੰਮੂ-ਕਸ਼ਮੀਰ ਦਾ ਦੁੱਖ, ਤਸ਼ੱਦਦ ਤੇ ਚੱਕ-ਥੱਲ ਦਰਸਾਉਣ ਲਈ ਕਾਫੀ ਨਹੀਂ ਹਨ। ਜਦੋਂ ਤਾਨਾਸ਼ਹੀ ਢੰਗ ਨਾਲ ਸ਼ੋਸ਼ਣ ਕੀਤਾ ਜਾਂਦਾ ਹੈ ਤੇ ਬੇਇਨਸਾਫੀ ਕੀਤੀ ਜਾਂਦੀ ਹੈ ਤਾਂ ਹੋਂਦ ਕਾਇਮ ਰੱਖਣ ਲਈ ਵਿਰੋਧ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਹੁੰਦਾ।’ ਜੰਮੂ ਕਸ਼ਮੀਰ ਪੀਪਲਜ਼ ਕਾਨਫਰੰਸ ਦੇ ਖੁਰਸ਼ੀਦ ਆਲਮ ਨੇ ਕਿਹਾ, ‘ਪੰਜ ਅਗਸਤ ਜੰਮੂ ਕਸ਼ਮੀਰ ਦੇ ਇਤਿਹਾਸ ’ਚ ਹਮੇਸ਼ਾ ਇੱਕ ਨਕਾਰਾਤਮਕ ਮੀਲ ਪੱਥਰ ਰਹੇਗਾ। ਇਹ ਜੰਮੂ ਕਸ਼ਮੀਰ ਦੇ ਲੋਕਾਂ ਲਈ ਇੱਕ ਸਿਆਸੀ ਤੇ ਮਨੋਵਿਗਿਆਨਕ ਝਟਕਾ ਸੀ।’ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਫਾਰੂਕ ਅਬਦੁੱਲ੍ਹਾ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੰਮੂ ਕਸ਼ਮੀਰ ਦੇ ਲੋਕਾਂ ਦੇ ਸੰਵਿਧਾਨਕ ਤੇ ਜਮਹੂਰੀ ਹੱਕਾਂ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਕਿਹਾ, ‘5 ਅਗਸਤ 2019 ਨੂੰ ਲਏ ਗਏ ਪੱਖਪਾਤੀ, ਗ਼ੈਰਸੰਵਿਧਾਨਕ ਤੇ ਗ਼ੈਰਜਮਹੂਰੀ ਫ਼ੈਸਲੇ ਨੂੰ ਲੈ ਕੇ ਸਾਡੀ ਪਾਰਟੀ ਦਾ ਰੁਖ਼ ਨਹੀਂ ਬਦਲੇਗਾ।’

 

India