ਬਰਕਿਨਾ ਫਾਸੋ ’ਚ ਅੱਤਵਾਦੀਆਂ ਦੇ ਹਮਲੇ ’ਚ 20 ਲੋਕਾਂ ਦੀ ਮੌਤ

ਓਗਾਡੁਗੁ  : ਬਰਕਿਨਾ ਫਾਸੋ ’ਚ ਅੱਤਵਾਦੀਆਂ ਦੇ ਹਮਲੇ ’ਚ 20 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ ਫ਼ੌਜ ਦੇ 19 ਜਵਾਨ ਦੱਸੇ ਜਾਂਦੇ ਹਨ। ਇਹ ਪੱਛਮੀ ਅਫਰੀਕੀ ਦੇਸ਼ ਇਸਲਾਮਿਕ ਅੱਤਵਾਦ ਦਾ ਸਾਹਮਣਾ ਕਰ ਰਿਹਾ ਹੈ। ਰੱਖਿਆ ਮੰਤਰੀ ਮੈਕਸਿਮ ਕੋਨ ਨੇ ਦੱਸਿਆ, ‘ਐਤਵਾਰ ਸਵੇਰੇ ਕਾਇਰਾਨਾ ਤੇ ਵਹਿਸ਼ੀ ਤਰੀਕੇ ਨਾਲ ਹੋਏ ਹਮਲੇ ’ਚ ਫ਼ੌਜ ਦੀ ਟੁੱਕੜੀ ਨੂੰ ਭਾਰੀ ਨੁਕਸਾਨ ਹੋਇਆ ਹੈ।’ ਇਹ ਹਮਲਾ ਇਨਾਟਾ ’ਚ ਇਕ ਸੋਨੇ ਦੀ ਖਾਨ ਨੇੜੇ ਕੀਤਾ ਗਿਆ।

ਅੱਤਵਾਦੀਆਂ ਦੇ ਹਮਲੇ ’ਚ ਪਹਿਲਾਂ 30 ਤੋਂ ਵੱਧ ਫ਼ੌਜੀਆਂ ਦੇ ਮਾਰੇ ਜਾਣ ਦੀ ਖ਼ਬਰ ਆਈ ਸੀ। ਇਸ ਤੋਂ ਦੋ ਦਿਨ ਪਹਿਲਾਂ ਨਾਈਜਰ ਤੇ ਮਾਲੀ ਨੇੜੇ ਇਕ ਜਾਂਚ ਚੌਕੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ’ਚ ਸੱਤ ਪੁਲਿਸ ਮੁਲਾਜ਼ਮ ਮਾਰੇ ਗਏ ਸਨ। ਬਰਕਿਨਾ ਫਾਸੋ ਦੀਆਂ ਸਰਹੱਦਾਂ ’ਤੇ ਅਲਕਾਇਦਾ ਤੇ ਆਈਐੱਸ ਨਾਲ ਜੁੜੇ ਅੱਤਵਾਦੀ ਸੰਗਠਨ ਸਰਗਰਮ ਹਨ। ਇਨ੍ਹਾਂ ਨਾਲ ਨਜਿੱਠਣ ਲਈ ਖੇਤਰ ’ਚ ਵੱਡੀ ਗਿਣਤੀ ’ਚ ਫ਼ੌਜੀਆਂ ਦੀ ਤਾਇਨਾਤੀ ਕੀਤੀ ਗਈ ਹੈ।