ਬੈਂਕ ਦੇ ਨਕਾਰਾ ਖਾਤਿਆਂ ‘ਚ ਪਏ ਹਨ 26,697 ਕਰੋੜ ਰੁਪਏ

ਬੈਂਕ ਦੇ ਨਕਾਰਾ ਖਾਤਿਆਂ ‘ਚ ਪਏ ਹਨ 26,697 ਕਰੋੜ ਰੁਪਏ

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ 26,697 ਕਰੋੜ ਰੁਪਏ ਬੈਂਕਾਂ (ਜਨਤਕ ਅਤੇ ਸਹਿਕਾਰੀ ਦੋਵੇਂ) ਦੇ ਨੌਂ ਕਰੋੜ ਨਕਾਰਾ ਖਾਤਿਆਂ ‘ਚ ਪਏ ਹਨ। ਪਿਛਲੇ 10 ਸਾਲਾਂ ਦੌਰਾਨ ਇਨ੍ਹਾਂ ਖਾਤਿਆਂ ‘ਚ ਕੋਈ ਲੈਣ-ਦੇਣ ਨਹੀਂ ਹੋਇਆ ਹੈ। ਇਕ ਸਵਾਲ ਦੇ ਜਵਾਬ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਰਿਜ਼ਰਵ ਬੈਂਕ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 31 ਦਸੰਬਰ 2020 ਤਕ ਜਨਤਕ ਖੇਤਰ ਦੇ ਬੈਂਕਾਂ ‘ਚ ਅਜਿਹੇ ਖਾਤਿਆਂ ਦੀ ਗਿਣਤੀ 8,13,34,849 ਸੀ ਤੇ 24,356 ਕਰੋੜ ਰੁਪਏ ਜਮ੍ਹਾਂ ਹੋਏ ਸਨ। ਜਦੋਂਕਿ ਸ਼ਹਿਰੀ ਸਹਿਕਾਰੀ ਬੈਂਕਾਂ ‘ਚ ਅਜਿਹੇ ਖਾਤਿਆਂ ਦੀ ਗਿਣਤੀ 77,03,819 ਅਤੇ ਇਨ੍ਹਾਂ ਵਿਚ 2,341 ਕਰੋੜ ਰੁਪਏ ਜਮ੍ਹਾਂ ਹਨ।

‘ਬੈਂਕਾਂ ‘ਚ ਗਾਹਕ ਸੇਵਾ’ ‘ਤੇ ਰਿਜ਼ਰਵ ਬੈਂਕ ਵਲੋਂ ਜਾਰੀ ਸਰਕੂਲਰ ‘ਚ ਕਿਹਾ ਗਿਆ ਹੈ ਕਿ ਬੈਂਕਾਂ ਨੂੰ ਉਨ੍ਹਾਂ ਖਾਤਿਆਂ ਦੀ ਸਾਲਾਨਾ ਸਮੀਖਿਆ ਕਰਨੀ ਪਵੇਗੀ ਜਿਨ੍ਹਾਂ ‘ਚ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਕੋਈ ਲੈਣ-ਦੇਣ ਨਹੀਂ ਹੋਇਆ ਹੈ। ਅਜਿਹੇ ਖਾਤਾ ਧਾਰਕਾਂ ਨੂੰ ਨਾ ਸਿਰਫ਼ ਬੈਂਕ ਨਾਲ ਸੰਪਰਕ ਕਰਨਾ ਚਾਹੀਦਾ ਹੈ, ਸਗੋਂ ਇਹ ਵੀ ਲਿਖਤੀ ਰੂਪ ‘ਚ ਸੂਚਿਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਖਾਤਿਆਂ ‘ਚ ਕੋਈ ਲੈਣ-ਦੇਣ ਨਹੀਂ ਹੋ ਰਿਹਾ ਹੈ। ਬੈਂਕਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਜਿਹੜੇ ਖਾਤੇ ਨਕਾਰਾ ਹੋ ਗਏ ਹਨ, ਉਨ੍ਹਾਂ ਖਾਤਾ ਧਾਰਕਾਂ ਜਾਂ ਉਨ੍ਹਾਂ ਦੇ ਨੌਮਿਨੀ ਵਿਅਕਤੀਆਂ ਦਾ ਪਤਾ ਲਗਾਉਣ ਤੇ ਖਾਤਿਆਂ ਨੂੰ ਮੁੜ ਸੁਰਜੀਤ ਕਰਨ

ਦੋ ਸਾਲਾਂ ਤਕ ਲੈਣ-ਦੇਣ ਨਾ ਹੋਣ ‘ਤੇ

ਅਜਿਹੇ ਖਾਤਿਆਂ ਨੂੰ ਨਕਾਰਾ ਮੰਨਿਆ ਜਾਂਦਾ ਹੈ ਜਿਨ੍ਹਾਂ ਵਿਚ ਦੋ ਸਾਲਾਂ ਤਕ ਕੋਈ ਲੈਣ-ਦੇਣ ਨਹੀਂ ਹੁੰਦਾ ਹੈ। ਅਜਿਹੇ ਖਾਤਿਆਂ ਵਿੱਚ ਪੈਸੇ ਜਮ੍ਹਾ ਕੀਤੇ ਜਾ ਸਕਦੇ ਹਨ, ਪਰ ਕਢਵਾਏ ਨਹੀਂ ਜਾ ਸਕਦੇ। ਅਜਿਹੇ ਖਾਤਿਆਂ ‘ਚ ਜਮ੍ਹਾ ਪੈਸੇ ਨੂੰ ਲਾਵਾਰਸ ਫੰਡ ਕਿਹਾ ਜਾਂਦਾ ਹੈ। ਇਸ ਮਦ ਦੀ ਪੂਰੀ ਰਕਮ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਡਿਪਾਜ਼ਟਰੀ ਐਜੂਕੇਸ਼ਨ ਐਂਡ ਅਵੇਅਰਨੈੱਸ ਫੰਡ (ਡੀਈਏਐਫ)’ਚ ਜਮ੍ਹਾਂ ਹੋ ਜਾਂਦੀ ਹੈ। ਇਸਦੀ ਵਰਤੋਂ ਗਾਹਕਾਂ ‘ਚ ਜਾਗਰੂਕਤਾ ਵਧਾਉਣ ਲਈ ਕੀਤੀ ਜਾਂਦੀ ਹੈ। ਜੇਕਰ ਕੋਈ ਗਾਹਕ DEAF ਵਿੱਚ ਜਮ੍ਹਾਂ ਕੀਤੀ ਰਕਮ ਦੀ ਵਾਪਸੀ ਦੀ ਮੰਗ ਕਰਦਾ ਹੈ ਤਾਂ ਬੈਂਕ ਨੂੰ ਵਿਆਜ ਸਮੇਤ ਵਾਪਸ ਕਰਨਾ ਹੋਵੇਗਾ।

ਤੁਸੀਂ ਕਲੇਮ ਫਾਰਮ ਭਰ ਕੇ ਵਾਪਸ ਲੈ ਸਕਦੇ ਹੋ ਪੈਸਾ

RBI ਅਨੁਸਾਰ, ਹਰੇਕ ਬੈਂਕ ਨੂੰ ਆਪਣੀ ਵੈੱਬਸਾਈਟ ‘ਤੇ ਲਾਵਾਰਸ ਰਕਮ ਦਾ ਵੇਰਵਾ ਦੇਣਾ ਹੁੰਦਾ ਹੈ। ਜੇਕਰ ਇਸ ‘ਚ ਕਿਸੇ ਗਾਹਕ ਦੀ ਰਕਮ ਹੈ ਤਾਂ ਉਸ ਨੂੰ ਆਪਣੇ ਬੈਂਕ ਦੀ ਵੈੱਬਸਾਈਟ ‘ਤੇ ਜਾ ਕੇ ਇਹ ਜਾਣਕਾਰੀ ਇਕੱਠੀ ਕਰਨੀ ਹੋਵੇਗੀ। ਉਹ ਨਾਂ ਅਤੇ ਜਨਮ ਮਿਤੀ, ਪੈਨ ਨੰਬਰ, ਪਾਸਪੋਰਟ ਨੰਬਰ ਜਾਂ ਟੈਲੀਫੋਨ ਨੰਬਰ ਰਾਹੀਂ ਨਕਾਰਾ ਖਾਤੇ ਬਾਰੇ ਜਾਣਕਾਰੀ ਇਕੱਠੀ ਕਰ ਸਕਦਾ ਹੈ। ਇਸ ਤੋਂ ਬਾਅਦ ਉਹ ਬੈਂਕ ਦੀ ਸਬੰਧਤ ਸ਼ਾਖਾ ‘ਚ ਜਾ ਕੇ ਕਲੇਮ ਫਾਰਮ ਭਰਦਾ ਹੈ ਅਤੇ ਕੇਵਾਈਸੀ ਸਮੇਤ ਸਬੰਧਤ ਦਸਤਾਵੇਜ਼ ਜਮ੍ਹਾ ਕਰਦਾ ਹੈ। ਬੈਂਕ ਇਹ ਯਕੀਨੀ ਬਣਾ ਲੈਂਦਾ ਹੈ ਕਿ ਦਾਅਵੇਦਾਰ ਅਸਲੀ ਹੈ ਤਾਂ ਇਹ ਭੁਗਤਾਨ ਜਾਰੀ ਕਰ ਦਿੰਦਾ ਹੈ। ਜੇਕਰ ਖਾਤਾ ਧਾਰਕ ਦੀ ਮੌਤ ਹੋ ਜਾਂਦੀ ਹੈ ਅਤੇ ਉਸਦੇ ਉੱਤਰਾਧਿਕਾਰੀ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਤਾਂ ਉਸਨੂੰ ਖਾਤਾ ਧਾਰਕ ਦਾ ਡੈੱਥ ਸਰਟੀਫਿਕੇਟ ਤੇ ਹੋਰ ਦਸਤਾਵੇਜ਼ ਜਮ੍ਹਾ ਕਰਨੇ ਪੈਂਦੇ ਹਨ। ਬਕਾਇਆ ਰਕਮ ਦੇ ਭੁਗਤਾਨ ਨਾਲ ਖਾਤਾ ਮੁੜ ਚਾਲੂ ਹੋ ਜਾਂਦਾ ਹੈ। ਬੈਂਕ ਖਾਤਾ ਨਕਾਰਾ ਹੋਣ ‘ਤੇ ਵੀ ਜਮ੍ਹਾ ‘ਤੇ ਵਿਆਜ ਦੀ ਰਕਮ ਖਾਤੇ ‘ਚ ਜਮ੍ਹਾ ਹੁੰਦੀ ਰਹਿੰਦੀ ਹੈ।

Business Featured