ਰੰਜਿਸ਼ ਤਹਿਤ ਨੌਜਵਾਨ ਨੂੰ ਕੁੱਟ-ਕੁੱਟ ਕੇ ਜਾਨੋ ਮਾਰਿਆ, ਚਾਰ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ

ਅੰਮ੍ਰਿਤਸਰ:  ਘਰਿੰਡਾ ਥਾਣੇ ਤਹਿਤ ਪੈਂਦੇ ਲਾਹੌਰੀ ਮੱਲ ਪਿੰਡ ਵਿਚ ਰੰਜਿਸ਼ ਤਹਿਤ ਗੁਆਂਢੀਆਂ ਨੇ ਸ਼ਨਿਚਰਵਾਰ ਨੂੰ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਮੁਲਜ਼ਮ ਪਹਿਲਾਂ ਘਰ ’ਚ ਵੜੇ ਅਤੇ ਫਿਰ ਜੰਮ ਕੇ ਇੱਟਾਂ-ਪੱਥਰ ਵਰ੍ਹਾਉਣ ਲੱਗੇ। ਮਿ੍ਤਕ ਕਰਨਦੀਪ ਸਿੰਘ ਦੀ ਪਤਨੀ ਸਿਮਰਨਜੀਤ ਕੌਰ ਨੇ ਜਦੋਂ ਮਦਦ ਲਈ ਰੌਲਾ ਪਾਇਆ ਤਾਂ ਮੁਲਜ਼ਮ ਫ਼ਰਾਰ ਹੋ ਗਏ। ਪੁਲਿਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਓਧਰ ਇੰਸਪੈਕਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸਿਮਰਨਜੀਤ ਕੌਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਪਿੰਡ ਦੇ ਜਸਪਿੰਦਰ ਸਿੰਘ ਉਰਫ ਹੈਪੀ, ਰਵਿੰਦਰ ਸਿੰਘ ਉਰਫ ਬਾਊ, ਸੁਖਵਿੰਦਰ ਸਿੰਘ ਉਰਫ ਬੇਗੂ, ਸੁਰਿੰਦਰ ਸਿੰਘ ਦੀ ਪਤਨੀ ਰਾਜਵੰਤ ਕੌਰ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਸਿਮਰਨਜੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਕੁਝ ਸਾਲ ਪਹਿਲਾਂ ਉਕਤ ਮੁਲਜ਼ਮਾਂ ਨੇ ਗੁਆਂਢੀਆਂ ਦੇ ਘਰ ਵਿਚ ਚੋਰੀ ਕੀਤੀ ਸੀ। ਉਸ ਮਾਮਲੇ ਵਿਚ ਉਸ ਦੇ ਪਤੀ ਨੇ ਥਾਣੇ ਵਿਚ ਜਾ ਕੇ ਗਵਾਹੀ ਦਿੱਤੀ ਸੀ। ਇਸੇ ਗੱਲ ਦੀ ਰੰਜਿਸ਼ ਜਸਪਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਨੇ ਕਰਨਦੀਪ ਸਿੰਘ ਨਾਲ ਰੱਖੀ ਹੋਈ ਸੀ। ਮੁਲਜ਼ਮ ਪਹਿਲਾਂ ਵੀ ਉਸ ਦੇ ਪਤੀ ਨੂੰ ਸਬਕ ਸਿਖਾਉਣ ਦੀਆਂ ਧਮਕੀਆਂ ਦੇ ਰਹੇ ਸਨ।

ਸਿਮਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਕਿਸਾਨ ਹੈ ਅਤੇ ਸ਼ਨਿਚਰਵਾਰ ਨੂੰ ਉਹ ਆਪਣਾ ਕੰਮ ਨਿਬੇੜ ਕੇ ਘਰ ਆਇਆ ਸੀ। ਮੌਕਾ ਮਿਲਦੇ ਹੀ ਮੁਲਜ਼ਮ ਉਨ੍ਹਾਂ ਦੇ ਘਰ ਵਿਚ ਜਬਰੀ ਵੜ ਆਏ ਅਤੇ ਉਥੇ ਰੱਖੇ ਇੱਟਾਂ-ਪੱਥਰ ਵਰ੍ਹਾਉਣ ਲੱਗੇ। ਜਸਪਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਪਤੀ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਤੋਂ ਬਾਅਦ ਪੀੜਤਾ ਨੇ ਘਰੋਂ ਬਾਹਰ ਨਿਕਲ ਕੇ ਗੁਆਂਢੀਆਂ ਤੋਂ ਮਦਦ ਮੰਗੀ ਤਾਂ ਲੋਕ ਇਕੱਠੇ ਹੋਣ ਲੱਗੇ। ਲੋਕਾਂ ਨੂੰ ਆਉਂਦੇ ਦੇਖ ਕੇ ਮੁਲਜ਼ਮ ਫ਼ਰਾਰ ਹੋ ਗਏ। ਪੀੜਤਾ ਨੇ ਕਿਸੇ ਤਰ੍ਹਾਂ ਪਤੀ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।