ਮੇਰੀ ਧੀ ਪਲਕ ਮੇਰੇ ਤੋਂ ਚੰਗੀ ਅਦਾਕਾਰਾ: ਸ਼ਵੇਤਾ ਤਿਵਾੜੀ

ਮੇਰੀ ਧੀ ਪਲਕ ਮੇਰੇ ਤੋਂ ਚੰਗੀ ਅਦਾਕਾਰਾ: ਸ਼ਵੇਤਾ ਤਿਵਾੜੀ

ਨਵੀਂ ਦਿੱਲੀ: ਟੀਵੀ ਅਦਾਕਾਰਾ ਸ਼ਵੇਤਾ ਤਿਵਾੜੀ ਦਾ ਕਹਿਣਾ ਹੈ ਕਿ ਉਸ ਦੀ ਧੀ ਪਲਕ ਉਸ ਨਾਲੋਂ ਚੰਗੀ ਅਦਾਕਾਰਾ ਹੈ। ਉਸ ਨੇ ਦੱਸਿਆ ਕਿ ਪਲਕ ਡਰਾਉਣੀ ਫਿਲਮ ‘ਰੋਜ਼ੀ: ਦਿ ਸੈਫਰਨ ਚੈਪਟਰ’ ਰਾਹੀਂ ਬੌਲੀਵੁੱਡ ਵਿੱਚ ਸ਼ੁਰੂਆਤ ਕਰਨ ਜਾ ਰਹੀ ਹੈ ਤੇ ਮੌਕਾ ਮਿਲਣ ’ਤੇ ਉਹ ਵੀ ਪਲਕ ਨਾਲ ਕੰਮ ਕਰਨਾ ਚਾਹੁੰਦੀ ਹੈ। ਸ਼ਵੇਤਾ ਨੇ ਕਿਹਾ, ‘ਮੈਂ ਉਸ ਨਾਲ ਕੰਮ ਕਰਨਾ ਚਾਹਾਂਗੀ। ਕਈ ਵਾਰ ਜਦੋਂ ਉਹ ਆਡੀਸ਼ਨ ਦਿੰਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਹ ਮੇਰੇ ਤੋਂ ਚੰਗੀ ਅਦਾਕਾਰਾ ਹੈ। ਉਹ ਕਿੰਨੀ ਆਸਾਨੀ ਨਾਲ ਅਦਾਕਾਰੀ ਕਰਦੀ ਹੈ। ਮੈਂ ਬੱਸ ਦੇਖਦੀ ਰਹਿ ਜਾਂਦੀ ਹਾਂ। ਕਈ ਵਾਰ ਉਸ ਦਾ ਪ੍ਰਦਰਸ਼ਨ ਦੇਖ ਕੇ ਮੈਂ ਭਾਵੁਕ ਵੀ ਹੋ ਜਾਂਦੀ ਹਾਂ।’ ਸ਼ਵੇਤਾ ਬੀਤੇ ਦੋ ਦਹਾਕਿਆਂ ਤੋਂ ਛੋਟੇ ਪਰਦੇ ’ਤੇ ਛਾਈ ਹੋਈ ਹੈ। ਉਸ ਨੇ ‘ਕਸੌਟੀ ਜ਼ਿੰਦਗੀ ਕੀ’ ਦੇ ਕਿਰਦਾਰ ਪ੍ਰੇਰਣਾ ਸ਼ਰਮਾ ਬਜਾਜ ਰਾਹੀਂ ਸੁਰਖੀਆਂ ਬਟੋਰੀਆਂ। ਮਗਰੋਂ ਉਹ ਲੜੀਵਾਰ ‘ਪਰਵਰਿਸ਼’ ਅਤੇ ‘ਬੇਗੂਸਰਾਏ’ ਵਿੱਚ ਵੀ ਨਜ਼ਰ ਆਈ। ਉਹ ਖੁਦ ਨੂੰ ਟੀਵੀ ਸਟਾਰ ਨਹੀਂ ਸਮਝਦੀ। ਉਸ ਨੇ ਕਿਹਾ, ‘ਮੈਂ ਕੋਈ ਸਟਾਰ ਨਹੀਂ, ਅਦਾਕਾਰਾ ਹਾਂ। ਜਾਣੀ-ਪਛਾਣੀ ਅਦਾਕਾਰਾ। ਲੋਕ ਮੈਨੂੰ ਜਾਣਦੇ ਹਨ। ਸਾਡੇ ਪਰਿਵਾਰ ਵਿੱਚ ਦੋ ਅਦਾਕਾਰ ਹਨ।’ ਸ਼ਵੇਤਾ ਅਨੁਸਾਰ ਉਸ ਦੀ ਧੀ ਵੀ ਹੁਣ ਸਿਨੇ ਜਗਤ ਵਿੱਚ ਸ਼ਾਮਲ ਹੋਣ ਜਾ ਰਹੀ ਹੈ, ਇਸ ਲਈ ਉਨ੍ਹਾਂ ਕੋਲ ਹੁਣ ਗੱਲਾਂ ਕਰਨ ਲਈ ਸਾਂਝੇ ਮੁੱਦੇ ਹੋਣਗੇ। ਉਸ ਨੇ ਕਿਹਾ, ‘ਹਾਂ, ਘੱਟੋ-ਘੱਟ ਸਾਡੇ ਕੋਲ ਗੱਲਾਂ ਕਰਨ ਲਈ ਸਾਂਝੇ ਮੁੱਦੇ ਤਾਂ ਹੋਣਗੇ। ਅਜਿਹੀਆਂ ਕਈ ਚੀਜ਼ਾਂ ਹਨ, ਜੋ ਮੈਂ ਉਸ ਕੋਲੋਂ ਸਿੱਖਦੀ ਹਾਂ ਅਤੇ ਉਹ ਮੇਰੇ ਤੋਂ। ਜਦੋਂ ਦੋਹਾਂ ਕੋਲ ਗੱਲਾਂ ਕਰਨ ਲਈ ਇੱਕੋ-ਜਿਹੇ ਮੁੱਦੇ ਹੁੰਦੇ ਹਨ ਤਾਂ ਗੱਲਬਾਤ ਬਹੁਤ ਮਜ਼ੇਦਾਰ ਹੁੰਦੀ ਹੈ।’ ਜ਼ਿਕਰਯੋਗ ਹੈ ਕਿ ਸ਼ਵੇਤਾ ਹੁਣ ਫਿਲਮਸਾਜ਼ ਰੋਹਿਤ ਸ਼ੈੱਟੀ ਦੇ ਸ਼ੋਅ ‘ਖਤਰੋਂ ਕੇ ਖਿਲਾੜੀ’ ਦੇ 11ਵੇਂ ਸੀਜ਼ਨ ਵਿੱਚ ਹਿੱਸਾ ਲੈ ਰਹੀ ਹੈ।

Entertainment