ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਵੱਡਾ ਬਿਆਨ
👉ਕਿਹਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਡੀ ਆਮਦ ‘ਚ ਖਾਮੀਆਂ ਨੇ ਇਮੀਗਰੇਸ਼ਨ ਵਿਭਾਗ ਦੀ ਭਰੋਸੇਯੋਗਤਾ ਨੂੰ ਖੋਰਾ ਲਾਇਆ
👉ਇਸ ਤੋਂ ਪਹਿਲਾਂ ਹਾਊਸਿੰਗ ਮੰਤਰੀ ਨੇ ਕਿਹਾ ਸੀ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ‘ਤੇ ਸੀਮਾ ਲਾਉਣੀ ਘਰਾਂ ਦੀ ਘਾਟ ਨਾਲ ਨਿਪਟਣ ਦਾ ਇੱਕ ਬਦਲ
ਕੈਨੇਡਾ ਦੇ ਹਾਊਸਿੰਗ ਮੰਤਰੀ ਦੇ ਬਿਆਨ ਤੋਂ ਬਾਅਦ ਹੁਣ ਫੈਡਰਲ ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ‘ਤੇ ਇੱਕ ਅਹਿਮ ਬਿਆਨ ਆਇਆ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਡੀ ਆਮਦ ‘ਚ ਹੋਈਆਂ ਬੇਨਿਯਮੀਆਂ ਨੇ ਕੈਨੇਡੀਅਨ ਲੋਕਾਂ ਦੇ ਇਮੀਗਰੇਸ਼ਨ ਨੀਤੀ ‘ਤੇ ਭਰੋਸੇ ਨੂੰ ਸੱਟ ਲੱਗੀ ਹੈ ।
ਫੈਡਰਲ ਸਰਕਾਰ ਦੇ ਇਮੀਗਰੇਸ਼ਨ ਮੰਤਰੀ ਦਾ ਅਜਿਹਾ ਬਿਆਨ ਆਉਣਾ ਆਪ ‘ਚ ਅਹਿਮ ਮੰਨਿਆਂ ਜਾ ਰਿਹਾ ਹੈ ਕਿ ਕੀ ਸਰਕਾਰ ਇਮੀਗਰੇਸ਼ਨ ਸੰਬੰਧੀ ਆਪਣੀਆਂ ਖਾਮੀਆਂ ਨੂੰ ਖੁੱਦ ਮੰਨ ਰਹੀ ਹੈ ?
ਦੱਸਣਯੋਗ ਹੈ ਕਿ ਇਸ ਵਕਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ.ਸਰਕਾਰ ਕਈ ਅਹਿਮ ਮਸਲਿਆਂ ‘ਤੇ ਲੋਕ ਵਿਰੋਧ ਦਾ ਸਾਹਮਣਾ ਕਰ ਰਹੀ ਹੈ , ਜਿਨ੍ਹਾਂ ‘ਚ ਦੇਸ਼ ਦੀ ਡਾਵਾਂਡੋਲ ਆਰਥਿਕਤਾ , ਵਧੀ ਮਹਿੰਗਾਈ, ਵਧੀਆਂ ਵਿਆਜ ਦਰਾਂ , ਘਰਾਂ ਦੀ ਵੱਡੀ ਘਾਟ ਅਤੇ ਇਮੀਗਰੇਸ਼ਨ ਵਿਭਾਗ ਦੀਆਂ ਕਈ ਅਹਿਮ ਖਾਮੀਆਂ ਸ਼ਾਮਿਲ ਹਨ ।
ਕਈ ਅਹਿਮ ਮਸਲਿਆਂ ‘ਤੇ ਸਰਕਾਰ ਦਾ ਆਪਸੀ ਤਾਲਮੇਲ ਤਾਰਪੀਡੋ ਹੋਇਆ ਦਿਖਾਈ ਦਿੰਦਾ ਹੈ । ਕੈਨੇਡਾ ਦੇ ਫੈਡਰਲ ਹਾਊਸਿੰਗ ਦੇ ਉਸ ਬਿਆਨ ਨੂੰ ਪ੍ਰਧਾਨ ਮੰਤਰੀ ਨੇ ਰੱਦ ਕਰ ਦਿੱਤਾ ਸੀ , ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਘਰਾਂ ਦੀ ਘਾਟ ਨਾਲ ਨਿਪਟਣ ਲਈ ਅੰਤਰਰਾਸ਼ਟਰੀ ਵਿੱਦਿਆਰਥੀਆਂ ਦੀ ਆਮਦ ਨੂੰ ਸੀਮਤ ਕਰਨਾਂ ਇੱਕ ਹੱਲ ਹੋ ਸਕਦਾ ਹੈ । ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਸੀ ਕਿ ਘਰਾਂ ਦੀ ਸਮੱਸਿਆ ਲਈ ਅੰਤਰਰਾਸ਼ਟਰੀ ਵਿਦਿਆਰਥੀ ਜਿੰਮੇਵਾਰ ਨਹੀਂ ਪਰ.ਅੱਜ ਇਮੀਗਰੇਸ਼ਨ ਮੰਤਰੀ ਦਾ ਅਜਿਹਾ ਬਿਆਨ ਆਉਣ ਤੋਂ ਬਾਅਦ ਲੱਗਦਾ ਹੈ ਕਿ ਫੈਡਰਲ ਸਰਕਾਰ ਦੀ ਟਰੂਡੋ ਟੀਮ ‘ਚ ਤਾਲਮੇਲ ਦੀ ਕੋਈ ਚੀਜ ਨਹੀਂ ਰਹੀ। ਇਮੀਗਰੇਸ਼ਨ ਮੰਤਰੀ ਨੇ ਭਾਵੇਂ ਹਾਊਸਿੰਗ ਮੰਤਰੀ ਦੇ ਬਿਆਨ ਦੀ ਪ੍ਰੋੜਤਾ ਨਹੀਂ.ਕੀਤੀ ਪਰ ਉਨ੍ਹਾਂ ਬਿਆਨ ਨੂੰ ਰੱਦ ਵੀ ਨਹੀਂ ਕੀਤਾ । ਉਨ੍ਹਾਂ ਨੇ ਇਸ ਗੱਲ ਦਾ ਇਸ਼ਾਰਾ ਕੀਤਾ ਹੈ ਕਿ ਇਮੀਗਰੇਸ਼ਨ ਵਿਭਾਗ ਦੇ ਨਿਯਮਾਂ ਸਿੱਕੇ ਟੰਗਣ ਵਾਲੀਆਂ ਨਿੱਜੀ ਸਿੱਖਿਆ ਸੰਸਥਾਵਾਂ ‘ਤੇ ਸਰਕਾਰ ਸਖ਼ਤ ਨਜ਼ਰ ਰੱਖ ਰਹੀ ਹੈ ।
(ਗੁਰਮੁੱਖ ਸਿੰਘ ਬਾਰੀਆ)