ਕੀ ਟੋਰਾਂਟੋ ਪੁਲਿਸ ਦੀ ਮਿਹਨਤ ਨੂੰ ਅਦਾਲਤ ‘ਚ ਬੂਰ ਪਵੇਗਾ ?
👉ਆਖਿਰ ਚੋਰਾਂ ਨੂੰ ਹੁਣ ਕਨੂੰਨ ਦਾ ਡਰ ਕਿਉੰ ਨਹੀਂ ਰਿਹਾ ?
👉ਅਪਰਾਧਿਕ ਰਿਕਾਰਡ ਵਾਲੇ ਦੋਸ਼ੀਆਂ ਦੀਆਂ ਝਟਪਟ ਹੁੰਦੀਆਂ ਜ਼ਮਾਨਤਾਂ ਨੂੰ ਗੰਭੀਰਤਾ ਨਾਲ ਲੈਣ ਕਨੂੰਨ ਦੇ ਘਾੜੇ
👉ਪ੍ਰੋਜੈਕਟ ਸਟਾਲਿਨ ਕੈਨੇਡਾ ਦੇ ਇਤਿਹਾਸ ‘ਚ ਚੋਰੀਆਂ ਦੀ ਇੰਤਹਾ ਦਾ ਕਰਦਾ ਹੈ ਖੁਲਾਸਾ
ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ) ਕੈਨੇਡਾ ਇੱਕ ਬਹੁਸੱਭਿਅਕ, ਵਿਕਸਤ ਅਤੇ ਸ਼ਾਂਤੀ ਪਸੰਦ ਪੱਛਮੀ ਦੇਸ਼ ਹੈ ਜੋ ਦੁਨੀਆਂ ਭਰ ‘ਚ ਲੋਕਾਂ ਦੇ ਰਹਿਣ ਲਈ ਦੂਜੀ ਸਭ ਤੋਂ ਵਧੀਆ ਵਿਵਸਥਾ ਮੰਨਿਆਂ ਜਾਂਦਾ ਹੈ । ਦੁਨੀਆਂ ਭਰ ਤੋਂ ਲੋਕ ਪ੍ਰਵਾਸ ਕਰਕੇ ਇਥੇ ਚੰਗੇ ਜੀਵਨ ਲਈ ਆਉਂਦੇ ਹਨ ਇਨ੍ਹਾਂ ‘ਚ ਪੱਕੇ ਰਿਹਾਇਸ਼ੀ, ਵਿਦਿਆਰਥੀ, ਕਾਰੋਬਾਰੀ ਅਤੇ ਵੱਡੀ ਗਿਣਤੀ ‘ਚ ਸ਼ਰਨਾਰਥੀ ਸ਼ਾਮਿਲ ਹਨ । ਮਨੁੱਖੀ ਅਧਿਕਾਰਾਂ ਦਾ ਅਲੰਬਰਦਾਰ ਦੇਸ਼ ਕੈਨੇਡਾ ਹਰ ਸਾਲ ਲੱਖਾਂ ਸ਼ਰਨਾਰਥੀਆਂ ਨੂੰ ਆਪਣੇ ਗਲ ਨਾਲ ਲਗਾਉਦਾ ਹੈ ਜੋ ਦੂਜੇ ਦੇਸ਼ਾਂ (ਅਫਗਾਨਿਸਤਾਨ, ਯੂਕਰੇਨ ਆਦਿ) ‘ਚ ਚੱਲ ਰਹੀ ਅਸਥਿਰਤਾ ਕਾਰਨ ਕੈਨੇਡਾ ਦੀ ਧਰਤੀ ‘ਤੇ ਜਿਊਣ ਦੀ ਉਮੀਦ ਲੈ ਕਿ ਆਉਂਦੇ ਹਨ।
ਪਰ ਇਸ ਵੱਡੇ ਪਰਵਾਸ ‘ਚ ਪਿੱਛਲੇ ਸਾਲਾਂ.’ਚ ਵੱਡੀ ਗਿਣਤੀ ‘ਚ ਕਈ ਪਰਵਾਸੀ ਆਪਣੀ ਅਪਰਾਧਿਕ ਬਿਰਤੀ ਵੀ ਜੱਦੀ ਦੇਸ਼ਾਂ ਤੋਂ ਨਾਲ ਹੀ ਲੈ ਆਏ ਹਨ , ਜਿਸ ਕਾਰਨ ਇਥੇ ਚੋਰੀਆਂ, ਨਸ਼ੇ ਦੀ ਤਸਕਰੀ , ਡਕੈਤੀ , ਨਸਲੀ ਨਫਰਤ ਅਤੇ ਕੰਮਾਂ ‘ਚ ਜਾਅਲਸਾਜ਼ੀ ਵਾਲੀਆਂ ਕਰਤੂਤਾਂ ਕਰਕੇ ਉਹ ਜਿਥੇ ਕਨੇਡਾ ਵਰਗੇ ਸ਼ਾਂਤਮਈ ਅਤੇ ਸੱਭਿਅਕ ਦੇਸ਼ ਦੀ ਫਿਜ਼ਾ ‘ਚ ਜ਼ਹਿਰ ਘੋਲ ਰਹੇ ਹਨ , ਉਥੇ ਆਪੋ-ਆਪਣੇ ਭਾਈਚਾਰਿਆਂ ਦੇ ਮੱਥੇ ‘ਤੇ ਕਲੰਕ ਵੀ ਲਗਾ ਰਹੇ ਹਨ ।
ਮਹਾਂ ਟੋਰਾਂਟੋ ਇਲਾਕੇ ‘ਚ ਚੋਰੀਆਂ ਅਤੇ ਖਾਸ ਕਰਕੇ ਵਹੀਕਲ ਚੋਰੀ ਦੀਆਂ ਦਿਨ ਦੀਵੀਂ ਵਾਪਰ ਰਹੀਆਂ ਘਟਨਾਵਾਂ ਕਾਰਨ ਲੋਕਾਂ ਦਾ ਕਨੂੰਨ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ , ਸ਼ਰੇਆਮ ਫੁਕਰਪੁਣਾ, ਬਦਮਾਸ਼ੀ , ਚੋਰੀ , ਨਸ਼ੇ ਦੀ ਤਸਕਰੀ ‘ਚ ਵੱਡੀ ਪੱਧਰ ‘ਤੇ ਪੰਜਾਬੀ ਭਾਈਚਾਰੇ ਦੇ ਭਟਕੇ ਹੋਏ ਨੌਜਵਾਨਾਂ ਦੀ ਸ਼ਮੂਲੀਅਤ ਬੇਹੱਦ ਚਿੰਤਾਜਨਕ ਦਾ ਵਿਸ਼ਾ ਹੈ ।
ਕੈਨੇਡਾ ਦੀ ਵਿਵਸਥਾ ‘ਚ ਵੱਡੀ ਸਮੱਸਿਆ ਇਹ ਹੈ ਕਿ ਜਿੰਨੀ ਮਿਹਨਤ ਨਾਲ ਪੁਲਿਸ ਚੋਰਾਂ ਨੂੰ ਫੜਦੀ ਹੈ , ਉਨਾਂ ਸੌਖਾ ਉਹ ਅਦਾਲਤਾਂ ਤੋਂ ਜਮਾਨਤਾਂ ਲੈ ਕਿ ਮੁੜ ਮਾੜੇ ਕੰਮਾਂ ‘ਚ ਲੱਗ ਜਾਂਦੇ ਹਨ । ਪੁਲਿਸ ਦਾ ਕੀਮਤੀ ਸਮਾਂ ਅਤੇ ਪੈਸਾ ਵਿਅਰਥ ਜਾਦਾ ਹੈ ।
ਅੱਜ ਇਸ ਗੱਲ ਦੀ ਬੇਹੱਦ ਲੋੜ ਹੈ ਕਿ ਵਾਰ ਵਾਰ ਅਪਰਾਧ ਕਰਨ ਵਾਲੇ ਅਪਰਾਧੀਆਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਅਤੇ ਸਖਤ ਕਨੂੰਨ ਲਿਜਾਂਦੇ ਜਾਣ, ਜਿਸ ਤਹਿਤ ਉਦਾਹਰਨ ਯੋਗ ਸਜਾਵਾਂ ਦੀ ਵਿਵਸਥਾ ਹੋਵੇ ਤਾਂ ਜੋ ਇਹਨਾਂ ਅਨਸਰਾਂ ਦੇ ਮਨ ‘ਚ ਕਨੂੰਨ ਦਾ ਡਰ ਪੈਦਾ ਹੋਵੇ ਅਤੇ ਲੋਕ ਆਪਣੇ ਆਪ ਨੂੰ ਮਹਿਫੂਜ਼ ਮਹਿਸੂਸ ਕਰ ਸਕਣ।
(ਗੁਰਮੁੱਖ ਸਿੰਘ ਬਾਰੀਆ)