ਈਮੇਲ ਉਤੇ ਮਿਲੀ ਧਮਕੀ ਪਿੱਛੋਂ ਵਿਦਿਆਰਥੀਆਂ ਤੇ ਸਟਾਫ ਨੂੰ ਬਾਹਰ ਕੱਢਿਆ

ਈਮੇਲ ਉਤੇ ਮਿਲੀ ਧਮਕੀ ਪਿੱਛੋਂ ਵਿਦਿਆਰਥੀਆਂ ਤੇ ਸਟਾਫ ਨੂੰ ਬਾਹਰ ਕੱਢਿਆ

ਜਲੰਧਰ (ਪੀ ਐਨ ਬਿਊਰੋ) ਬੈਂਗਲੁਰੂ ਦੇ ਵੱਖ-ਵੱਖ ਹਿੱਸਿਆਂ ਵਿਚ ਘੱਟੋ-ਘੱਟ 45 ਸਕੂਲਾਂ ਦੇ ਕੈਂਪਸ ਵਿਚ ਉਦੋਂ ਹਫੜਾ-ਦਫੜੀ ਮਚ ਗਈ ਜਦੋਂ ਪ੍ਰਸ਼ਾਸਨਿਕ ਸਟਾਫ ਨੂੰ ਇਕ ਮੇਲ ਮਿਲੀ, ਜਿਸ ‘ਚ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਸਕੂਲਾਂ ‘ਚ ਵਿਸਫੋਟਕ ਲਗਾਏ ਗਏ ਸਨ ਅਤੇ ਕਿਸੇ ਵੀ ਸਮੇਂ ਧਮਾਕਾ ਹੋ ਸਕਦਾ ਹੈ।

ਬੈਂਗਲੁਰੂ ਪੁਲਿਸ ਕਮਿਸ਼ਨਰ ਬੀ ਦਯਾਨੰਦ ਨੇ ਕਿਹਾ ਕਿ ਕਈ ਐਂਟੀ-ਸੈਬੋਟੇਜ ਟੀਮਾਂ ਜਾਂਚ ਕਰ ਰਹੀਆਂ ਸਨ ਅਤੇ ਉਨ੍ਹਾਂ ਨੂੰ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਫਰਜ਼ੀ ਸੰਦੇਸ਼ ਜਾਪਦਾ ਹੈ। ਅਸੀਂ ਜਲਦੀ ਹੀ ਤਲਾਸ਼ੀ ਮੁਹਿੰਮ ਨੂੰ ਪੂਰਾ ਕਰਾਂਗੇ।

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਸ਼ਰਾਰਤੀ ਅਨਸਰਾਂ ਨੇ ਸ਼ਹਿਰ ਦੇ ਕਈ ਸਕੂਲਾਂ ਨੂੰ ਇਸ ਤਰ੍ਹਾਂ ਦੀਆਂ ਈਮੇਲਾਂ ਭੇਜੀਆਂ ਸਨ। ਇਸ ਕਾਰਨ ਕਈ ਮਾਪਿਆਂ, ਅਧਿਆਪਕਾਂ ਅਤੇ ਸਰਪ੍ਰਸਤਾਂ ਵਿੱਚ ਡੂੰਘੀ ਚਿੰਤਾ ਪੈਦਾ ਹੋ ਗਈ ਹੈ। ਕੁਝ ਸਕੂਲਾਂ ਨੇ ਵਿਦਿਆਰਥੀਆਂ ਨੂੰ ਨੇੜਲੇ ਖੇਡ ਮੈਦਾਨਾਂ ਜਾਂ ਹੋਰ ਸੁਰੱਖਿਅਤ ਥਾਵਾਂ ‘ਤੇ ਭੇਜਿਆ।

ਕੁਝ ਸਕੂਲਾਂ ਨੇ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਤੋਂ ਵਾਪਸ ਲਿਜਾਉਣ ਲਈ ਕਿਹਾ ਹੈ। ਬੇਂਗਲੁਰੂ ਦੇ 45 ਤੋਂ ਵੱਧ ਸਕੂਲਾਂ ਨੂੰ ਈਮੇਲਾਂ ਰਾਹੀਂ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਅਧਿਕਾਰੀਆਂ ਵਿੱਚ ਦਹਿਸ਼ਤ ਫੈਲ ਗਈ।

India