👉ਗਰੀਨ ਬੈਲਟ ਲੈਂਡ ਸਵੈਪ ਪ੍ਰੋਜੈਕਟ ਰੱਦ ਕਰਨ ਤੋਂ ਨਰਾਜ਼ ਪ੍ਰਮੋਟਰ ਟਿਕਟਾਂ ਖਰੀਦਣ ਦੇ ਮੂੜ ‘ਚ ਨਹੀਂ
👉ਪਿੱਛਲੇ ਸਾਲ ਕਰਵਾਈ ਲੀਡਰ ਡਿਨਰ ਪਾਰਟੀ ਤੋਂ 6 ਮਿਲੀਅਨ ਇਕੱਠੇ ਕੀਤੇ ਗਏ ਸਨ
ਟੋਰਾਂਟੋ -(ਗੁਰਮੁੱਖ ਸਿੰਘ ਬਾਰੀਆ)- ਫੋਰਡ ਸਰਕਾਰ ਦੇ ਅਹਿਮ ਵਿਕਾਸ ਪ੍ਰੋਜੈਕਟ ਵਿਵਾਦਾਂ ‘ਚ ਘਿਰ ਜਾਣ ਕਾਰਨ ਓਨਟਾਰੀਓ ਪੀ.ਸੀ.ਪਾਰਟੀ ਇਸ ਵਕਤ ਐਨੇ ਸਕਤੇ ‘ਚ ਹੈ ਕਿ ਇਸ ਵਾਰ ਕਰਵਾਈ ਜਾਣ ਵਾਲੀ ਡਿਨਰ ਗਾਲਾ ਪਾਰਟੀ ਆਗੂਆਂ ਦੇ ਨੂੰ ਚੇਤੇ ਵੀ ਨਹੀਂ ਹੈ । ਮੀਡੀਆ ਵੱਲੋਂ ਇਸ ਸੰਬੰਧੀ ਸਵਾਲ ਪੁੱਛੇ ਜਾਣ ‘ਤੇ ਪਾਰਟੀ ਦੇ ਕਈ ਆਗੂਆਂ ਨੇ ਦੱਬੀ ਅਵਾਜ਼ ‘ਚ ਕਿਹਾ ਹੈ ਕਿ ਜਦੋਂ ਸੱਤਾਧਾਰੀ ਪਾਰਟੀ ਦੇ ਸਾਰੇ ਅਹਿਮ ਪ੍ਰੋਜੈਕਟ ਇੱਕ ਇੱਕ ਕਰਕੇ ਗਿੱਲੇ ਬੰਬਾਂ ਵਾਂਗ ਠੁੱਸ ਹੁੰਦੇ ਜਾ ਰਹੇ ਹਨ ਤਾਂ ਪਾਰਟੀ ਕਾਹਦੀ ਕਰਨੀ ਹੈ । ਭਾਵ ਅਜਿਹੀਆਂ ਪਾਰਟੀਆਂ ਕਰਨ ਲਈ ਮਹੀਨਿਆਂ ਬੱਧੀ ਤਿਆਰੀ ਦੀ ਲੋੜ ਹੁੰਦੀ ਹੈ ਅਤੇ ਪ੍ਰਮੋਟਰ ਵੀ ਚਾਹੀਦੇ ਹਨ , ਪਰ ਫੋਰਡ ਸਰਕਾਰ ਦੇ ਅਹਿਮ ਪ੍ਰੋਜੈਕਟ ਗਰੀਨ ਬੈਲਟ ਲੈਂਡ ਸਵੈਪ ਸਕਰੈਪ ਹੋਣ ਤੋਂ ਬਾਅਦ ਹੁਣ ਪਾਰਟੀ ਦੀ ਫੰਡ ਦਾਨ ਰੇਜ਼ਿੰਗ ਮੁਹਿੰਮ ਵੀ ਸ਼ੱਕ ਦੇ ਪ੍ਰਛਾਵੇਂ ‘ਚ ਹੈ ।
ਪਿੱਛਲੇ ਸਾਲ ਮਾਰਚ ‘ਚ ਬੁਲਾਈ ਗਈ ਫੰਡ ਰੇਜ਼ਿੰਗ ਡਿਨਰ ਪਾਰਟੀ ‘ਚ 15,00 ਡਾਲਰ ਦੀ ਪਲੇਟ ਹੱਥੋ-ਹੱਥ ਵਿਕ ਗਈ ਸੀ ਪਰ ਇਸ ਵਾਰ ਹਾਲਾਤ ਕੁਝ ਵੱਖਰੇ ਹਨ । ਪਾਰਟੀ ਦੇ ਕਈ ਲੀਡਰਾਂ ਨੇ ਲੁਕਵੇਂ ਸੰਕੇਤ ਦਿੱਤੇ ਹਨ ਗਰੀਨ ਬੈਲਟ ਲੈਂਡ ਸਵੈਪ ਪ੍ਰੋਜੈਕਟ ਰੱਦ ਹੋਣ ਬਾਅਦ ਪਾਰਟੀ ਦੀਆਂ ਸਿਆਸੀ ਸਫਾਂ ਸਭ ਕੁਝ ਅੱਛਾ ਨਹੀਂ । ਸੂਬੇ ਦੇ ਸਿਆਸੀ ਸਮੀਕਰਣ ਪੋਲਾਂ ‘ਚ ਜਿਥੇ ਪਾਰਟੀ ਦੀ ਚੜਤ ਨੂੰ ਖੋਰਾ ਲੱਗਾ ਹੈ ਉਥੇ ਲਿਬਰਲ ਨੂੰ ਬੌਨੀ ਕਰੌੰਬੀ ਵਰਗੀ ਮਜ਼ਬੂਤ ਲੀਡਰ ਮਿਲਣ ਤੋਂ ਬਾਅਦ ਟੋਰੀ ਅੰਦਰੇ ਅੰਦਰ ਅਜੀਬ ਜਿਹੀ ਘਬਰਾਹਟ ਮਹਿਸੂਸ ਕਰ ਰਹੇ ਹਨ ।
#gurmukhsinghbaria #toriesdinner