ਸ਼ਰਨਾਰਥੀਆਂ ਨੂੰ ਸਾਂਭਣ ਲਈ ਸੂਬਿਆਂ ਦੀ ਮਦਦ ਲਈ ਖੁੱਲ੍ਹ ਕਿ ਮਦਦ ਕਰੇ ਫੈਡਰਲ ਸਰਕਾਰ  👉ਨੌਵਾ ਸ਼ਕੋਸ਼ੀਆ ‘ਚ ਸੂਬੇ ਦੀ 13 ਪ੍ਰੀਮੀਅਰਸ ਦੀ ਮੀਟਿੰਗ ‘ਚ ਉੱਠੀ ਮੰਗ

👉ਕਿਊਬੈਕ ਦੇ ਪ੍ਰੀਮੀਅਰ ਨੇ ਦਿਖਾਇਆ ਵੱਡਾ ਦਿਲ- ਕਿਹਾ ਸਾਡਾ ਹਿੱਸਾ ਕੱਟ ਕਿ ਦੂਜੇ ਸੂਬਿਆਂ ਨੂੰ ਦੇ ਦਿਓ

(ਗੁਰਮੁੱਖ ਸਿੰਘ ਬਾਰੀਆ)

ਅੱਜ ਨਵਾਸ਼ਕੋਸ਼ੀਆ ‘ਚ ਕੈਨੇਡਾ ਦੇ ਵੱਖ ਵੱਖ ਸੂਬਿਆਂ ਦੇ ਪ੍ਰੀਮੀਅਰ ਦੀ ਪਿੱਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਮੀਟਿੰਗ ਦੇ ਆਖਰੀ ਦੌਰ ‘ਚ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਸਮੇਤ ਸੂਬੇ ਦੇ ਹੋਰ ਪ੍ਰਮੁੱਖ ਮੁੱਖੀਆਂ ਨੇ ਇੱਕ ਆਵਾਜ਼ ਉਠਾਉਂਦਿਆਂ ਇਹ ਗੱਲ ਕਹੀ ਹੈ ਕਿ ਫੈਡਰਲ ਸਰਕਾਰ ਸੂਬੇ ‘ਚ ਆਉਣ ਵਾਲੇ ਸ਼ਰਨਾਥੀਆਂ ਦਾ ਖਰਚਾ ਚੱਲਣ ਵਾਸਤੇ ਆਪਣਾ ਬਣਦਾ ਹਿੱਸਾ ਪਾਵੇ। ਇਸ ਤੋਂ ਇਲਾਵਾ ਸੂਬੇ ਦੇ ਮੁੱਖ ਮੰਤਰੀਆਂ ਵੱਲੋਂ ਸਿਹਤ ਅਵਸਥਾ, ਅਮਰੀਕਾ ਨਾਲ ਵਪਾਰਕ ਸੰਬੰਧਾਂ, ਸ਼ਰਨਾਰਥੀਆਂ ਲਈ ਵਧੇਰੇ ਵਿਤੀ ਮਦਦ ਅਤੇ ਹੋਰ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਅਤੇ ਫੈਡਰਲ ਸਰਕਾਰ ਅੱਗੇ ਸਾਂਝੇ ਰੂਪ ‘ਚ ਆਪਣਾ ਪੱਖ ਰੱਖਿਆ।

ਇਸ ਇਸ ਮੌਕੇ ‘ਤੇ ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਓਨਟਾਰੀਓ ਸੂਬਾ ਆਉਣ ਵਾਲੇ ਸ਼ਰਨਾਰਥੀਆਂ ਦਾ ਸਾਲ ਦਾ ਇੱਕ ਬਿਲੀਅਨ ਡਾਲਰ ਖਰਚਾ ਚੱਲ ਰਿਹਾ ਹੈ ਅਤੇ ਫੈਡਰਲ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਇਸ ‘ਚ ਆਪਣਾ ਬਣਦਾ ਹਿੱਸਾ ਪਾਵੇ ।

ਇਸ ਮੌਕੇ ਤੇ ਕਿਊਬੈਕ ਦੇ ਪ੍ਰੀਮੀਅਰ ਫਰੈਕੁਇਸ ਫਿਲਪ ਨੇ ਇੱਕ ਵੱਡਾ ਦਿਲ ਦਿਖਾਉਂਦਿਆਂ ਹੋਇਆ ਕਿਹਾ ਕਿ ਕਿਊਬੈਕ ਨੂੰ ਜੋ ਫੈਡਰਲ ਸਰਕਾਰ ਵੱਲੋਂ ਸ਼ਰਨਾਰਥੀਆਂ ਦੀ ਦੇਖਭਾਲ ਵਾਸਤੇ ਭਾਵੇਂ 750 ਮਿਲੀਅਨ ਦੀ ਰਕਮ ਮਿਲ ਰਹੀ ਹੈ, ਪਰ ਅਸੀਂ ਇਸ ਗੱਲ ਦੀ ਹਾਮੀ ਭਰਦੇ ਹਾਂ ਕਿ ਦੂਜੇ ਸੂਬਿਆਂ ਨੂੰ ਵੀ ਇਸ ਸੰਬੰਧੀ ਫੈਡਰਲ ਸਰਕਾਰ ਵੱਲੋਂ ਬਰਾਬਰ ਫੰਡਿੰਗ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਇਹ ਗੱਲ ਵੀ ਕਹੀ ਕਿ ਬੇਸ਼ੱਕ ਉਹਨਾਂ ਦੇ ਸੂਬੇ ਨੂੰ ਫੈਡਰਲ ਸਰਕਾਰ ਵੱਲੋਂ ਦਿੱਤੀ ਜਾਂਦੀ 750 ਮਿਲੀਅਨ ਦੀ ਮਦਦ ਭਾਵੇਂ ਘੱਟ ਕਰ ਦਿੱਤੀ ਜਾਵੇ ਪਰ ਦੂਜੇ ਸੂਬਿਆਂ ਨੂੰ ਵੀ ਇਸ ਦਾ ਬਣਦਾ ਹਿੱਸਾ ਮਿਲਣਾ ਚਾਹੀਦਾ ਹੈ। ਇਸ ਮੌਕੇ ‘ਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਵੀ ਇਹ ਗੱਲ ਕਹੀ ਕਿ ਉਹਨਾਂ ਦਾ ਸੂਬਾ ਯੂਕਰੇਨ ਤੋਂ ਆਏ 70,000 ਸ਼ਰਨਾਰਥੀਆਂ ਨੂੰ ਸੰਭਾਲ ਰਿਹਾ ਹੈ ਪਰ ਫੈਡਰਲ ਸਰਕਾਰ ਵੱਲੋਂ ਉਸ ਪੱਧਰ ਦੀ ਮਦਦ ਉਨ੍ਹਾਂ ਦੇ ਸੂਬੇ ਨੂੰ ਇਸ ਕੰਮ ਵਿੱਚ ਨਹੀਂ ਦਿੱਤੀ ਜਾ ਰਹੀ।

ਦੱਸਣ ਯੋਗ ਹੈ ਕਿ 13 ਸੂਬਿਆਂ ਅਤੇ ਖੇਤਰਾਂ ਦੇ ਮੁਖੀਆਂ ਦੀ ਨਵਾਸਕੋਸ਼ੀਆ ਦੇ ਸ਼ਹਿਰ ਹੈਲੀਫੈਕਸ ਵਿੱਚ ਤਿੰਨ ਦਿਨ ਦੀ ਮੀਟਿੰਗ ਚੱਲ ਰਹੀ ਸੀ ਜਿਸ ਦੇ ਵਿੱਚ ਸੂਬਿਆਂ ਅਤੇ ਫੈਡਰਲ ਸਰਕਾਰ ਦੇ ਸੰਬੰਧਾਂ ਅਤੇ ਸੂਬਾ ਸਰਕਾਰਾਂ ਨੂੰ ਸ਼ਰਨਾਰਥੀਆਂ ਨੂੰ ਸਾਂਭਣ ਵਾਸਤੇ ਬਣਦਾ ਹਿੱਸਾ ਦੇਣ ਅਤੇ ਅਮਰੀਕਾ ਨਾਲ ਬਿਹਤਰ ਸੰਬੰਧਾਂ ਲਈ ਸੂਬਾ ਸਰਕਾਰਾਂ ਵੱਲੋਂ ਨਿਭਾਏ ਜਾਣ ਵਾਲੀ ਭੂਮਿਕਾ ਦੇ ‘ਤੇ ਵਿਚਾਰ ਕੀਤੀ ਗਈ। ਇਹ ਵੀ ਦੱਸਣ ਯੋਗ ਹੈ ਕਿ ਟਰਾਂਟੋ ਦੀ ਮੇਅਰ ਓਲੀਵੀਆ ਚਾਓ ਵੱਲੋ ਓਟਵਾ ਸਰਕਾਰ ਕੋਲੋਂ ਮੰਗ ਕੀਤੀ ਜਾਂਦੀ ਰਹੀ ਹੈ ਕਿ ਸ਼ਹਿਰ ‘ਚ ਵੱਧ ਰਹੀ ਸ਼ਰਨਾਰਥੀਆਂ ਦੀ ਗਿਣਤੀ ਨੂੰ ਸੰਭਾਲਣ ਲਈ ਵਧੇਰੇ ਫੰਡ ਦਿੱਤੇ ਜਾਣ। ਫੈਡਰਲ ਸਰਕਾਰ ਨੇ ਕੁਝ ਹੱਦ ਤੱਕ ਇਸ ਮਾਮਲੇ ਵਿੱਚ ਪਹਿਲ ਕਦਮੀ ਕਰਦਿਆਂ 97 ਮਿਲੀਅਨ ਡਾਲਰ ਦੀ ਫੰਡਿੰਗ ਟਰਾਂਟੋ ਸਿਟੀ ਨੂੰ ਦਿੱਤੀ ਸੀ। ਫੈਡਰਲ ਸਰਕਾਰ ਵੱਲੋਂ ਟਰਾਂਟੋ ਸਿਟੀ ਨੂੰ ਦਿੱਤੀ ਜਾਣ ਵਾਲੀ ਇਹ ਰਕਮ ਦੇਸ਼ ਭਰ ਵਿੱਚ ਰਿਫਿਊਜੀਆਂ ਦੇ ਵਸੇਬੇ ਲਈ ਦਿੱਤੀ ਜਾਣ ਵਾਲੀ 362 ਬਿਲੀਅਨ ਡਾਲਰ ਦੀ ਰਕਮ ਦਾ ਇੱਕ ਹਿੱਸਾ ਸੀ।

ਇਸ ਤੋਂ ਇਲਾਵਾ ਪ੍ਰੀਮੀਅਰ ਡੱਗ ਫੋਰਡ ਨੇ ਅਮਰੀਕਾ ਦੇ ‘ਚ ਫੈਡਰਲ ਚੋਣਾਂ ਤੋਂ ਬਾਅਦ ਨਵੀਂ ਸੱਤਾਦਰੀ ਧਿਰ ਦੇ ਨਾਲ ਵਪਾਰਕ ਸਭਾਵਨਾਵਾਂ ਲਈ ਪਹਿਲ ਕਦਮੀ ਕਰਨ ਦੀ ਗੱਲਬਾਤ ਵੀ ਕੀਤੀ ਸੂਬੇ ਦੇ ਮੁੱਖੀਆਂ ਦੀ ਅਗਲੀ ਮੀਟਿੰਗ ਹੁਣ ਇਕ ਅਗਸਤ ਨੂੰ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਪ੍ਰਮੁੱਖ ਤੌਰ ‘ਤੇ ਅਮਰੀਕਾ ਨਾਲ ਸੰਬੰਧਾਂ ਦੇ ਵਿੱਚ ਸੂਬਿਆਂ ਦੀ ਭੂਮਿਕਾ ਦੇ ਉੱਪਰ ਵਿਚਾਰ ਕੀਤੀ ਜਾਣੀ ਹੈ।