ਕੈਨੇਡਾ ‘ਚ ਪੰਜਾਬੀ ਭਾਈਚਾਰੇ ਨੂੰ ਕੌਣ ਬਦਨਾਮ ਕਰਨ ‘ਤੇ ਤੁਲਿਆ ਹੋਇਆ ਹੈ ? 👉ਅਪਰਾਧ ਦੇ ਸਮੁੱਚੇ ਵਰਤਾਰੇ ਨੂੰ ਪੰਜਾਬੀਆਂ ਸਿਰ ਮੜਨ ਲਈ ਅਖੌਤੀ ਮੀਡੀਆ ਕਿਉੰ ਰਹਿੰਦਾ ਹੈ ਤੱਤਪਰ

👉ਆਪਣੇ ਭਾੲਈਚਾਰੇ ਦੇ ਗਲਤ ਲੋਕਾਂ ਤਾੜਨਾ ਕਰਨ ਅਤੇ ਲੁਕੀ ਹੋਈ ਧਿਰ ਨੂੰ ਨਾਕਾਬ ਕਰਨ ਦੀ ਲੋੜ

ਸਾਂਝੇ ਪੰਜਾਬ ‘ਚ ਅੰਗਰੇਜ਼ ਕਾਬਜ਼ ਹੋਣ ਤੋਂ ਬਾਅਦ ਪੰਜਾਬੀਆਂ ਵੱਲੋਂ ਪਰਵਾਸ ਕਰਨ ਦਾ ਸਿਲਸਿਲਾ ਜੋ ਸ਼ੁਰੂ ਹੋਇਆ ਉਸ ਤਹਿਤ ਹੀ ਕੈਨੇਡਾ ਦੀ ਧਰਤੀ ‘ਤੇ ਕਰੀਬ ਇੱਕ ਸਦੀ ਪਹਿਲਾਂ ਪੰਜਾਬੀਆਂ ਨੇ ਪੈਰ ਧਰਿਆ ਅਤੇ ਉਸ ਤੋਂ ਬਾਅਦ ਆਪਣੀ ਕਰੜੀ ਮਿਹਨਤ ਕਰਕੇ ਹਰ ਖੇਤਰ ‘ਚ ਜਿੱਥੇ ਅਹਿਮ ਪ੍ਰਾਪਤੀਆਂ ਕੀਤੀਆਂ ਉਥੇ ਸਿਆਸੀ ਤੌਰ ‘ਤੇ ਵੀ ਬਰਾਬਰ ਭਾਈਵਾਲ ਬਣ ਕੇ ਕੈਨੇਡਾ ਦੇ ਵਿਕਾਸ ‘ਚ ਅਹਿਮ ਯੋਗਦਾਨ ਪਾਇਆ ਪਰ ਭਾਈਚਾਰੇ ਦੇ ਹੀ ਕੁਝ ਇੱਕ ਲੋਕਾਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਕਰਕੇ ਕਈ ਵਾਰ ਭਾਈਚਾਰੇ ਦੀ ਕਿਰਕਰੀ ਵੀ ਹੁੰਦੀ ਰਹੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬੀ ਭਾਈਚਾਰੇ ਨੂੰ ਇੱਕ ਗਿਣੀਮਿਥੀ ਸਾਜਿਸ਼ ਤਹਿਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਵਿੱਚ ਕੈਨੇਡਾ ਦੀਆਂ ਕੁਝ ਸਿਆਸੀ ਪਾਰਟੀਆਂ ਦੀ ਮੌਕਾਪ੍ਰਸਤੀ ਅਤੇ ਕੁਝ ਇੱਕ ਮੀਡੀਆ ਜੋ ਕਿ ਕਥਿੱਤ ਤੌਰ ਤੇ ਭਾਵੇਂ ਕੈਨੇਡਾ ‘ਚ ਕੰਮ ਕਰਦਾ ਹੈ ਪਰ ਉਸਦੀ ਵਾਗ-ਡੋਰ ਕਿਤੇ ਹੋਰ ਦੱਸੀ ਜਾਂਦੀ ਹੈ, ਵੱਲੋਂ ਪੰਜਾਬੀ ਪੰਜਾਬੀ ਭਾਈਚਾਰੇ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਗੈਰ-ਮਿਆਰੀ ਤਰੀਕਾ ਵਰਤ ਕੇ ਪੰਜਾਬੀਆਂ ਦੇ ਅਕਸ਼ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਬੀਤੇ ਕੁਝ ਸਮੇਂ ਤੋਂ ਕੈਨੇਡਾ ਦੀ ਧਰਤੀ ‘ਤੇ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਕੈਨੇਡਾ ਦੇ ਬਹੁਤ ਸਭਿਅਕ ਮਾਹੌਲ ਨੂੰ ਸਮਝੇ ਬਗੈਰ ਕੀਤੀਆਂ ਗਈਆਂ ਗਲਤੀਆਂ, ਆਰਥਿਕ ਦੁਸ਼ਵਾਰੀਆਂ ਅਤੇ ਇਹਨਾਂ ਆਰਥਿਕ ਦੁਸ਼ਵਾਰੀਆਂ ਕਾਰਨ ਅਪਰਾਧ ਦੀ ਦੁਨੀਆ ਵੱਲੋਂ ਇਹਨਾਂ ਨੌਜਵਾਨਾਂ ਨੂੰ ਵਰਤਣਾ ਅਜਿਹੇ ਕਾਰਨ ਬਣੇ ਹਨ ਜਿਸ ਕਾਰਨ ਇਥੋਂ ਦੀ ਮੁੱਖ ਧਾਰਾ ਦੇ ਕੁੱਝ ਕੱਟੜ ਲੋਕਾਂ ਦੇ ਨਿਸ਼ਾਨੇ ਤੇ ਪੰਜਾਬੀ ਭਾਈਚਾਰਾ ਆਇਆ ਹੈ। ਪਰ ਕੁਝ ਹਫਤੇ ਪਹਿਲਾਂ ਹੀ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਕੁਝ ਅਜਿਹੇ ਸਾਈਨ ਬੋਰਡ ਜਾਂ ਫੋਟੋਆਂ ਫੋਟੋਆਂ ਐਡਿਟ ਕਰਕੇ ਸੋਸ਼ਲ ਮੀਡੀਆ ‘ਤੇ ਇਸ ਤਰ੍ਹਾਂ ਪਾਈਆਂ ਜਾ ਰਹੀਆਂ ਹਨ ਕਿ ਜਿਵੇਂ ਪੰਜਾਬੀ ਭਾਈਚਾਰਾ ਹੀ ਕੈਨੇਡਾ ਦੇ ਮਾਹੌਲ ਨੂੰ ਖਰਾਬ ਕਰ ਰਿਹਾ ਹੈ ਅਤੇ ਕੈਨੇਡੀਅਨ ਭਾਈਚਾਰੇ ਨੂੰ ਪਰੇਸ਼ਾਨ ਕਰ ਰਿਹਾ ਹੈ। ਦਰਅਸਲ ਬੀਤੇ ਕੁਝ ਸਮੇਂ ਤੋਂ ਪੰਜਾਬੀ ਕਾਰੋਬਾਰੀਆਂ ਨੂੰ ਗੈਂਗਸਟਰਾਂ ਜਿਨਾਂ ਦੇ ਮਾਸਟਰ ਮਾਈਂਡ ਭਾਰਤ ਦੀਆਂ ਜੇਲਾਂ ਵਿੱਚ ਬੈਠੇ ਹਨ, ਵੱਲੋਂ ਜੋ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਖਾਸ ਕਿਸਮ ਦਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ ਜਿਸ ਕਰਕੇ ਪੰਜਾਬੀ ਭਾਈਚਾਰੇ ਦੇ ਅਕਸ ਨੂੰ ਢਾਹ ਲੱਗ ਰਹੀ ਹੈ। ਇਹ ਵੀ ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਮੀਡੀਆ ਦੇ ਇੱਕ ਹਿੱਸੇ ਵੱਲੋਂ ਖਾਸ ਤੌਰ ‘ਤੇ ਪੰਜਾਬੀ ਭਾਈਚਾਰੇ ਦੀਆਂ ਕਮੀਆਂ ਪੇਸ਼ੀਆਂ ਅਤੇ ਕੁਝ ਇੱਕ ਗਲਤ ਘਟਨਾਵਾਂ ਨੂੰ ਇਸਤਰਾਂ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ ਕਿ ਜਿਵੇਂ ਪੰਜਾਬੀ ਭਾਈਚਾਰਾ ਇੱਕ ਅਪਰਾਧਕ ਬਿਰਤੀ ਵਾਲਾ ਭਾਈਚਾਰਾ ਹੈ। ਬੀਤੇ ਕਈ ਦਿਨਾਂ ਤੋਂ ਵਸਾਗਾ ਬੀਚ ‘ਤੇ ਖਾਸ ਤੌਰ ‘ਤੇ ਦਸਤਾਰ ਸਜਾਈ ਇੱਕ ਵਿਅਕਤੀ ਦਾ ਸਾਈਨ ਬੋਰਡ ਲਗਾ ਕੇ ਜੋ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਬਰੈੰਪਟਨ ਦੇ ਇੱਕ ਗੈਸ ਸਟੇਸ਼ਨ ‘ਤੇ ਬਜ਼ੁਰਗ ਵਿਅਕਤੀ ਦੀ ਫੋਟੋ ਐਡਿਟ ਕਰਕੇ ਜੋ ਘਟੀਆ ਦੋਸ਼ ਲਗਾਉਣ ਦੇ ਯਤਨ ਕੀਤੇ ਗਏ ਹਨ, ਇਸ ਤੋਂ ਪਤਾ ਚਲਦਾ ਹੈ ਕਿ ਪੰਜਾਬੀ ਭਾਈਚਾਰੇ ਨੂੰ ਕਿਸੇ ਖਾਸ ਸਾਜਿਸ਼ ਤਹਿਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹਾਲਾਂਕਿ ਮੁੱਖ ਤੌਰ ‘ਤੇ ਜੋ ਗੱਲ ਸਾਹਮਣੇ ਦਿਸਦੀ ਹੈ ਉਸ ਦੇ ਵਿੱਚ ਕੈਨੇਡਾ ‘ਚ ਵੱਸਦੇ ਕੁਝ ਸੱਜੇ ਪੱਖੀ ਕੱਟੜ ਲੋਕਾਂ ਦੀ ਦੇ ਦਿਮਾਗਾਂ ਦੇ ਬੈਚੇਨੀ ਦਿਖਾਈ ਦਿੰਦੀ ਹੈ ਪਰ ਇਹ ਅੱਤ ਕਥਨੀ ਨਹੀਂ ਹੋਵੇਗੀ ਕਿ ਪੰਜਾਬੀ ਭਾਈਚਾਰੇ ਦੀ ਕੈਨੇਡਾ ਦੀ ਧਰਤੀ ਤੇ ਸਿਆਸੀ ਤੌਰ ‘ਤੇ ਚੜ੍ਹਤ ਅਤੇ ਕਾਰੋਬਾਰਾਂ ‘ਚ ਕਾਮਯਾਬੀਆਂ ਨਾਲ ਈਰਖਾ ਕਰਨ ਵਾਲੀ ਕੋਈ ਹੋਰ ਧਿਰ ਵੀ ਹੋ ਸਕਦੀ ਹੈ, ਜਿਸ ਵੱਲੋਂ ਵਿਸ਼ੇਸ਼ ਤੌਰ ‘ਤੇ ਕੈਨੇਡਾ ਦੀ ਧਰਤੀ ‘ਚ ਪੰਜਾਬੀ ਭਾਈਚਾਰੇ ਦੇ ਉਹਨਾਂ ਅੱਲੜ ਨੌਜਵਾਨਾਂ ਨੂੰ ਅਪਰਾਧ ਦੀ ਦੁਨੀਆ ‘ਚ ਲਿਜਾਇਆ ਜਾ ਰਿਹਾ ਹੈ ਜੋ ਆਰਥਿਕ ਤੌਰ ‘ਤੇ ਤੰਗੀਆਂ ਨਾਲ ਇੱਥੇ ਜੂਝ ਰਹੇ ਹਨ ਇਸ ਦੇ ਨਾਲ ਹੀ ਪੰਜਾਬੀ ਭਾਈਚਾਰੇ ਦੇ ਕਾਰੋਬਾਰੀਆਂ ਨੂੰ ਵੀ ਇਸ ਆਧਾਰ ‘ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਸਮੁੱਚੇ ਪੰਜਾਬੀ ਭਾਈਚਾਰੇ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂ ਲੈਂਦਿਆਂ ਹੋਇਆਂ ਜਿੱਥੇ ਆਪਣੇ ਭਾਈਚਾਰੇ ਵਿੱਚ ਗਲਤ ਕਸਮ ਦੇ ਲੋਕਾਂ ਨੂੰ ਤਾੜਨਾ ਕਰਨ ਦੀ ਲੋੜ ਹੈ ਅਤੇ ਦੂਜੇ ਪਾਸੇ ਅਜਿਹੀਆਂ ਲੁਕੀਆਂ ਲੁਕਵੀਆਂ ਧਿਰਾਂ ਨੂੰ ਵੀ ਪਛਾਨਣ ਦੀ ਲੋੜ ਹੈ ਜੋ ਅਖੌਤੀ ਮੀਡੀਆ ਦੇ ਰੂਪ ‘ਚ ਜਾਂ ਫਿਰ ਗੈਂਗਸਟਰਵਾਦ ਦੇ ਰੂਪ ‘ਚ ਇੱਕ ਖਾਸ ਕਿਸਮ ਨਾਲ ਕੋਝੀਆਂ ਚਾਲੀਆਂ ਚੱਲ ਕੇ ਭਾਈਚਾਰੇ ਦੇ ਅਕਸ਼ ਨੂੰ ਢਾਹ ਲਗਾ ਰਹੇ ਹਨ ਅਤੇ ਕੈਨੇਡਾ ‘ਚ ਰਹਿ ਕਿ ਵੀ ਚਾਕਰੀ ਕਿਸੇ ਹੋਰ ਦੀ ਕਰ ਰਹੇ ਹਨ ।

(ਗੁਰਮੁੱਖ ਸਿੰਘ ਬਾਰੀਆ)