ਚੰਡੀਗੜ੍ਹ : ਹਿੰਡਨਬਰਗ ਵੱਲੋਂ ਕੀਤੇ ਖੁਲਾਸੇ ਤੋਂ ਬਾਅਦ ਵੀਰਵਾਰ ਨੂੰ ਪੰਜਾਬ ਕਾਂਗਰਸ ਨੇ ਅਡਾਨੀ ਗਰੁੱਪ ਅਤੇ ਸੇਬੀ ਦੀ ਮੁਖੀ ਮਾਧਵੀ ਬੁੱਚ ਵੱਲੋਂ ਕੀਤੇ ਗਏ ਘਪਲੇ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ। ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸੀ ਮੰਗ ਪੱਤਰ ਸੌਂਪਣ ਲਈ ਰਾਜ ਭਵਨ ਵੱਲ ਮਾਰਚ ਕਰਨਾ ਚਾਹੁੰਦੇ ਸਨ ਪਰ ਚੰਡੀਗੜ੍ਹ ਪੁਲਿਸ ਨੇ ਹਲਕੀ ਤਾਕਤ ਦੀ ਵਰਤੋਂ ਕਰਦਿਆਂ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਸਾਰੇ ਆਗੂਆਂ ਨੂੰ ਸੈਕਟਰ 11 ਦੇ ਥਾਣੇ ਲਿਆਂਦਾ ਗਿਆ ਜਿੱਥੇ ਦੇਰ ਸ਼ਾਮ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਕਾਂਗਰਸ ਆਗੂਆਂ ਨੇ ਪਾਰਟੀ ਦੇ ਸੂਬਾ ਹੈੱਡਕੁਆਰਟਰ ਦੇ ਬਾਹਰ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸ਼ੇਅਰ ਬਾਜ਼ਾਰ ਦੀ ਮੰਦੀ ਹਾਲਤ ਅਤੇ ਇਸ ਕਾਰਨ ਹੋ ਰਹੇ ਮਾਲੀ ਨੁਕਸਾਨ ਲਈ ਭਾਜਪਾ ਸਰਕਾਰ ਜ਼ਿੰਮੇਵਾਰ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦੀ ਚੋਣ ਅਸਫਲਤਾ ਤੋਂ ਬਾਅਦ ਸ਼ੇਅਰ ਬਾਜ਼ਾਰ ਵਿੱਚ ਆਈ ਗਿਰਾਵਟ ਨੇ ਆਮ ਨਿਵੇਸ਼ਕਾਂ, ਖਾਸ ਕਰਕੇ ਮੱਧ ਵਰਗ ਨੂੰ ਬੇਮਿਸਾਲ ਨੁਕਸਾਨ ਪਹੁੰਚਾਇਆ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਧੋਖਾਧੜੀ ਅਤੇ ਟੈਕਸ ਚੋਰੀ ਦੇ ਦੋਸ਼ਾਂ ‘ਚ ਗ੍ਰਿਫਤਾਰ ਕੀਤੇ ਗਏ ਗੌਤਮ ਅਡਾਨੀ ਦੇ ਛੋਟੇ ਭਰਾ ਰਾਜੇਸ਼ ਅਡਾਨੀ ਅਤੇ ਆਫਸ਼ੋਰ ਸ਼ੈੱਲ ਕੰਪਨੀਆਂ ‘ਚ ਸ਼ਾਮਲ ਉਸ ਦੇ ਵੱਡੇ ਭਰਾ ਵਿਨੋਦ ਅਡਾਨੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਹਿੰਡਨਬਰਗ ਰਿਸਰਚ ਨੇ 38 ਅਜਿਹੀਆਂ ਕੰਪਨੀਆਂ ਦਾ ਪਤਾ ਲਗਾਇਆ ਹੈ ਜੋ ਵਿਨੋਦ ਅਡਾਨੀ ਦੀ ਮਾਲਕੀ ਵਾਲੀਆਂ ਮਾਰੀਸ਼ਸ ‘ਚ ਸਨ। ਕਈ ਹੋਰ ਕੰਪਨੀਆਂ ਯੂਏਈ, ਸਿੰਗਾਪੁਰ ਅਤੇ ਸਾਈਪ੍ਰਸ ਵਿੱਚ ਸਥਿਤ ਹਨ। ਇਨ੍ਵਾਂ ਕੰਪਨੀਆਂ ਦੀ ਵਰਤੋਂ ਭਾਰਤੀ ਬਾਜ਼ਾਰ ਵਿੱਚ ਝੂਠੇ ਵਿਕਾਸ ਦਰਸਾਉਣ ਅਤੇ ਭਾਰਤੀ ਜਨਤਾ ਤੋਂ ਨਿਵੇਸ਼ ਆਕਰਸ਼ਿਤ ਕਰਨ ਲਈ ਕੀਤੀ ਜਾਂਦੀ ਹੈ। ਇਸ ਸਭ ਦੇ ਬਾਵਜੂਦ ਭਾਜਪਾ ਸਰਕਾਰ ਨੇ ਅਡਾਨੀ ਦਾ ਬਚਾਅ ਕੀਤਾ ਹੈ ਅਤੇ ਸੇਬੀ ਨੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉਨ੍ਹਾਂ ਪੂਰੇ ਮਾਮਲੇ ਦੀ ਜੇਪੀਸੀ ਜਾਂਚ ਦੀ ਮੰਗ ਕੀਤੀ।