👉ਹੈਲੀਫੈਕਸ ‘ਚ ਕੈਬਨਿਟ ਦੀ ਸਲਾਨਾ ਮਿਲਣੀ ‘ਚ ਇਮੀਗਰੇਸ਼ਨ ਸੰਬੰਧੀ ਵੀ ਅਹਿਮ ਫੈਸਲੇ
ਟੋਰਾਂਟੋ -(ਗੁਰਮੁੱਖ ਸਿੰਘ ਬਾਰੀਆ)- ਕੈਨੇਡਾ ਸਰਕਾਰ ਨੇ ਅਮਰੀਕਾ ਦੀ ਰੀਸ ਕਰਦਿਆਂ ਹੁਣ ਚੀਨੀ ਬਿਜਲਈ ਕਾਰਾਂ ‘ਤੇ ਸੌ ਫੀਸਦੀ ਟੈਕਸ ਲਗਾਉਣ ਦਾ ਫੈਸਲਾ ਕੀਤਾ ਹੈ । ਅੱਜ ਇਥੇ ਕੈਬਨਿਟ ਦੀ ਸਲਾਨਾ ਰਿਟਰੀਟ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੋਰ ਵੀ ਕਈ ਅਹਿਮ ਐਲਾਨ ਕੀਤੇ ਹਨ । ਇਨ੍ਹਾਂ ‘ਚ ਘੱਟ ਤਨਖ਼ਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ‘ਤੇ ਕਟੌਤੀ ਲਗਾਉਣੀ ਅਤੇ ਹਾਊਸਿੰਗ ਖੇਤਰ ‘ਚ ਸਰਕਾਰੀ ਜ਼ਮੀਨ ਘਰ ਬਣਾਉਣ ਲਈ ਲੀਜ਼ਿੰਗ ‘ਤੇ ਦੇਣੀ ਵੀ ਸ਼ਾਮਿਲ ਹਨ ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ 1 ਅਕਤੂਬਰ ਤੋਂ ਹੁਣ ਚੀਨੀ ਕਾਰਾਂ ‘ਤੇ ਲਗਾਇਆ ਜਾਣ ਵਾਲਾ ਟੈਕਸ ਅਮਰੀਕਾ ਦੇ ਬਰਾਬਰ, ਭਾਵ ਸੌ ਫੀਸਦੀ ਹੋਵੇਗਾ । ਇਸਤਰਾਂ ਹੋਣ ਨਾਲ ਚੀਨੀ ਬਿਜਲਈ ਕਾਰਾਂ ਦੀ ਕੀਮਤ ਮੌਜੂਦਾ ਨਾਲੋਂ ਦੁੱਗਣੀ ਹੋ ਜਾਵੇਗੀ । ਦੋਵਾਂ ਮੁਲਖਾਂ ਵੱਲੋਂ ਇਹ ਕਦਮ ਚੀਨੀ ਕਾਰਾਂ ਦੀ ਮਾਰਕੀਟ ਨੂੰ ਪਿੱਛੇ ਕਰਕੇ ਉੱਤਰੀ ਅਮਰੀਕਾ ਦੀ ਬਿਜਲਈ ਕਾਰਾਂ ਦੀ ਮਾਰਕੀਟ ਨੂੰ ਉਤਸ਼ਾਹਿਤ ਕਰਨਾ ਹੈ । ਇਸ ਤੋਂ ਕੈਨੇਡਾ ਵੱਲੋਂ 15 ਅਕਤੂਬਰ ਤੋਂ ਚੀਨ ਤੋਂ ਵਾਲੇ ਸਟੀਲ ਅਤੇ ਅਲਮੂਨੀਅਮ ਪਦਾਰਥਾਂ ‘ਤੇ ਵੀ 25 ਫੀਸਦੀ ਟੈਕਸ ਲਗਾਇਆ ਗਿਆ ਹੈ ।