ਇਮੀਗਰੇਸ਼ਨ ਖੇਤਰ ‘ਚ ਦੋਹਰੇ ਮਾਪਦੰਡ ਅਪਣਾ ਰਹੀ ਹੈ ਲਿਬਰਲ ਸਰਕਾਰ?  👉TFW ਪ੍ਰੋਗਰਾਮ ਤਹਿਤ LMIA ਦੀ ਅਰਜ਼ੀਆਂ ਨੂੰ ਅੱਖਾਂ ਮੀਟ ਕਿ ਸਵਿਕਾਰ ਕੀਤਾ

ਇਮੀਗਰੇਸ਼ਨ ਖੇਤਰ ‘ਚ ਦੋਹਰੇ ਮਾਪਦੰਡ ਅਪਣਾ ਰਹੀ ਹੈ ਲਿਬਰਲ ਸਰਕਾਰ? 👉TFW ਪ੍ਰੋਗਰਾਮ ਤਹਿਤ LMIA ਦੀ ਅਰਜ਼ੀਆਂ ਨੂੰ ਅੱਖਾਂ ਮੀਟ ਕਿ ਸਵਿਕਾਰ ਕੀਤਾ

 

👉ਅਰਜ਼ੀਆਂ ਜ਼ਲਦੀ ਸਵਿਕਾਰ ਕਰਨ ਲਈ ਫਰਾਡ ਚੈੱਕ ਤਰੀਕਿਆਂ ਨੂੰ ਅਣਗੌਲਿਆਂ ਕੀਤਾ ਗਿਆ

ਟੋਰਾਂਟੋ -(ਗੁਰਮੁੱਖ ਸਿੰਘ ਬਾਰੀਆ ) – ਦੇਸ਼ ਭਰ ‘ਚ ਬਦਾਮਾਂ ਦੇ ਭਾਅ LMIA ਵਿਕਣ ਤੋਂ ਹੋਈ ਕਿਰਕਿਰੀ ਤੋਂ ਬਾਅਦ ਭਾਵੇਂ ਲਿਬਰਲ ਸਰਕਾਰ ਨੀਂਦ ‘ਚੋਂ ਜਾਗੀ ਹੈ ਅਤੇ ਇਸ ਸੰਬੰਧੀ ਹੁਣ ਸਖਤ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ ਹੈ ਪਰ ਬੀਤੇ ਸਮੇਂ ‘ਚ ਕੈਨੇਡਾ ਇਮੀਗਰੇਸ਼ਨ ਵਿਭਾਗ ਵੱਲੋਂ ਥੋਕ ਦੇ ਭਾਅ ਪ੍ਰਵਾਨ ਕੀਤੀਆਂ ਗਈਆਂ LMIA ਅਰਜ਼ੀਆਂ ਦਾ ਮਾਮਲਾ ਵੀ ਚਰਚਾ ਹੈ ਜਿਸ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਕਿਸਤਰ੍ਹਾਂ ਇਮੀਗਰੇਸ਼ਨ ਵਿਭਾਗ ਦੇ ਅਫਸਰਾਂ ਨੂੰ ਫਰਾਡ ਰੋਕੂ ਯਤਨਾਂ ਨੂੰ ਅਣਗੌਲਿਆਂ ਕਰਕੇ ਤੇਜ਼ ਸਪੀਡ ਨਾਲ ਅਰਜ਼ੀਆਂ ਪ੍ਰਵਾਨ ਕਰਨ ਲਈ ਕਿਹਾ ਗਿਆ ।

ਦਾ ਸਟਾਰ ਦੀ ਇੱਕ ਖੋਜ ਭਰਪੂਰ ਰਿਪੋਰਟ ਅਨੁਸਾਰ ESDC (ਇੰਪਲਾਇਮੈਂਟ ਐਂਡ ਸ਼ੋਸ਼ਲ ਡਿਵੈਲਪਮੈਂਟ ਕੈਨੇਡਾ ਵੱਲੋਂ ਆਪਣੇ ਸਟਾਫ ਨੂੰ ਇਹ ਆਦੇਸ਼ ਗਏ ਕਿ ਕਾਰੋਬਾਰੀਆਂ ਵੱਲੋਂ ਵਿਦੇਸ਼ੀ ਕਾਮਿਆਂ ਨੂੰ ਕੰਮ ‘ਤੇ ਰੱਖਣ ਲਈ ਭੇਜੀਆਂ ਅਰਜ਼ੀਆਂ ਦੀ ਭਰੋਸੇਯੋਗਤਾ ਵਿਚਾਰ ਕਰਨ ਲੱਗਿਆਂ ਦੇਰ ਨਾ ਲਗਾਈ ਜਾਵੇ ਅਤੇ ਅਰਜ਼ੀਆਂ ਤੇਜ਼ ਗਤੀ ਨਾਲ ਸਵਿਕਾਰ ਕੀਤੀਆਂ ਜਾਣ ।

ਦੱਸਣਯੋਗ ਹੈ ਕਿ LMIA ਦੀ ਅਰਜ਼ੀ ‘ਤੇ ਵਿਚਾਰ ਕਰਨ ਲੱਗਿਆਂ ਕਾਰੋਬਾਰੀ ਦੇ ਕੰਮ ਦੀ ਸਮੀਖਿਆ, ਅਰਜੀ ਦੀ ਪ੍ਰਕਿਰਿਆ ਕਰਨ ਵਾਲੀ ਇਮੀਗਰੇਸ਼ਨ ਏਜੰਸੀ ਦਾ ਰਿਕਾਰਡ, ਵਿਦੇਸ਼ੀ ਕਾਮੇ ਨਾਲ ਕੰਮ ਬਦਲੇ ਤਨਖਾਹ ਅਤੇ ਸਹੂਲਤਾਂ ਆਦਿ ਦਾ ਮੁਲਾਂਕਣ ਕੀਤਾ ਜਾਂਦਾ ਹੈ ਪਰ ਲਿਬਰਲ ਸਰਕਾਰ ਦੀ ਕਾਰੋਬਾਰੀਆਂ ਪ੍ਰਤੀ ਉਦਾਰਵਾਦੀ ਨੀਤੀ ਤਹਿਤ ਅਜਿਹਾ ਨਹੀਂ ਕੀਤਾ ਗਿਆ ਜਾਂ ਫਿਰ ਅਫਸਰਾਂ ਨੂੰ ਇਸ ਕੰਮ ਲਈ ਬਹੁਤ ਘੱਟ ਸਮਾਂ ਦਿੱਤਾ ਗਿਆ।

ਇਸ ਤੋਂ ਇਲਾਵਾ LMIA ਨਾਲ ਸੰਬੰਧਤ ਸ਼ਿਕਾਇਤਾਂ ਦਾ ਨਿਪਟਾਰਾ ਵੀ ਸਮੇਂ ਸਿਰ ਪਾਰਦਰਸ਼ੀ ਢੰਗ ਨਾਲ ਕਰਨ ਦੀ ਬਜਾਏ ਸੰਬੰਧਤ ਦੀ ਨੀਤੀ ਦੜ ਵੱਟ ਜ਼ਮਾਨਾ ਕੱਟ ਵਾਲੀ ਰਹੀ ।

Canada