450 ਸਾਲਾ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ 17 ਤੋਂ

450 ਸਾਲਾ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ 17 ਤੋਂ

ਮੋਗਾ : ਇਸਤਰੀ ਸਤਿਸੰਗ ਸਭਾ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵੱਲੋਂ ਸ਼ਹਿਰ ਦੀਆਂ ਸਮੂਹ ਸਤਿਸੰਗ ਸਭਾਵਾਂ ਦੇ ਪੂਰਨ ਸਹਿਯੋਗ ਨਾਲ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤਿ ਦਿਵਸ ਨੂੰ ਸਮਰਪਿਤ 13 ਰੋਜ਼ਾ 50ਵਾਂ ਸਾਲਾਨਾ ਕੀਰਤਨ ਸਮਾਗਮ 17 ਸਤੰਬਰ ਤੋਂ 29 ਸਤੰਬਰ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਤੱਕ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਗੁਰਦੁਆਰਾ ਬੀਬੀ ਕਾਹਨ ਕੌਰ ਮੇਨ ਬਾਜ਼ਾਰ ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਬੀਏ ਅਤੇ ਬਲਜਿੰਦਰ ਸਿੰਘ ਸਹਿਗਲ ਨੇ ਦੱਸਿਆ ਕਿ 17 ਸਤੰਬਰ ਤੋਂ ਰੋਜ਼ਾਨਾ 12 ਦਿਨ-ਸ਼ਾਮ 3 ਵਜੇ ਤੋਂ 3-45 ਵਜੇ ਤਕ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਹੋਣਗੇ। ਉਪਰੰਤ 3:45 ਵਜੇ ਤੋਂ ਸ਼ਾਮ 4:30 ਵਜੇ ਤਕ ਕਥਾ ਕੀਰਤਨ ਦਾ ਪ੍ਰਵਾਹ ਚੱਲੇਗਾ। 29 ਸਤੰਬਰ ਐਤਵਾਰ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ ਕੀਰਤਨ ਸਮਾਗਮ ਦੀ ਆਰੰਭਤਾ ਇਸਤਰੀ ਸਤਿਸੰਗ ਸਭਾ ਗੁਰਦੁਆਰਾ ਬੀਬੀ ਕਾਹਨ ਕੌਰ ਦੇ ਜੱਥੇ ਵੱਲੋਂ ਕੀਰਤਨ ਦੁਆਰਾ ਕੀਤੀ ਜਾਵੇਗੀ। ਇਸ ਮੌਕੇ ਭਾਈ ਪਰਮਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬੀਬੀ ਕਾਹਨ ਕੌਰ ਦਾ ਜੱਥਾ ਵੀ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਲਗਾਏਗਾ। ਉਪਰੰਤ ਉਚੇਚੇ ਤੌਰ ਤੇ ਪੁੱਜੇ ਰਹੇ ਸਿੱਖ ਪੰਥ ਦੇ ਉੱਚ ਕੋਟੀ ਦੇ ਰਾਗੀ ਜੱਥੇ ਭਾਈ ਸਤਨਾਮ ਸਿੰਘ ਬੈਂਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਭਾਈ ਜਸਬੀਰ ਸਿੰਘ ਰਿਆੜ ਲੁਧਿਆਣਾ ਵਾਲੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸਮੁੱਚੇ ਸਮਾਗਮ ਦੌਰਾਨ ਸਾਰੇ ਦਿਨ ਹੀ ਗਿਆਨੀ ਹਰਜੀਤ ਸਿੰਘ ਤਰਨਤਾਰਨ ਵਾਲੇ ਕਥਾ ਵਿਚਾਰਾਂ ਰਾਹੀਂ ਹਾਜ਼ਰੀ ਭਰਨਗੇ। ਗੁਰਮਤਿ ਕੀਰਤਨ ਸਮਾਗਮ ਦੀ ਸਮਾਪਤੀ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ। ਸੋ ਸਮੂਹ ਸਿੱਖ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਕਿ ਇਨ੍ਹਾਂ ਨੂੰ ਸਮਾਗਮਾਂ ਨੂੰ ਆਪਣਾ ਜਾਣਦੇ ਹੋਏ ਵੱਡੀ ਗਿਣਤੀ ਵਿਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

Punjab Religion